
ਜੇ 328 ਸਰੂਪਾਂ ਦੇ ਸੰਗੀਨ ਜ਼ੁਰਮ ਦੀ ਸਜ਼ਾ 5 ਲੱਖ ਹੈ, ਫਿਰ ਜੰਗਲਾ ਟੱਪਣ ਵਾਲੇ ਨੂੰ ਸਜ਼ਾ-ਏ-ਮੌਤ ਕਿਉਂ?
ਅੰਮ੍ਰਿਤਸਰ, 30 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਈ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼, ਬਾਦਲਕਿਆ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 328 ਸਰੂਪ ਚੋਰੀ ਵੇਚ ਦਿਤੇ ਗਏ ਸਨ, ਜਿਨ੍ਹਾਂ ਬਾਬਤ ਦੋਸ਼ੀਆਂ ਵਿਰੁਧ ਕਾਰਵਾਈ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਪਿਛਲੇ 14 ਮਹੀਨਿਆਂ ਤੋਂ ਪੰਥਕ ਹੋਕੇ ਦੇ ਰੂਪ ਵਿਚ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ।
ਵਡਾਲਾ ਨੇ ਦੋਸ਼ ਲਾਇਆ ਕਿ ਬਾਦਲਾਂ ਦੇ ਖੀਸੇ ਵਿਚੋਂ ਨਿਕਲੇ ਪ੍ਰਧਾਨ ਨੇ 328 ਸਰੂਪਾਂ ਦੇ ਦੋਸ਼ੀਆਂ ਤੇ ਕਾਰਵਾਈ ਕਰਦਿਆਂ ਗੁਰਮੁਖ ਸਿੰਘ ਸੁਪਰਵਾਈਜ਼ਰ ਜਿਹੜਾ ਪਿਛਲੇ ਅੱਠ ਮਹੀਨਿਆਂ ਤੋਂ ਰਿਟਾਇਰ ਹੋ ਚੁੱਕਿਆ ਨੂੰ ਸੇਵਾ ਮੁਕਤ ਕਰ ਕੇ ਪੰਜ ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਹੈ। 328 ਸਰੂਪਾਂ ਦੇ ਦੋਸ਼ੀਆਂ ਨੂੰ ਫ਼ੰਡ ਮੁਹਈਆ ਕਰਵਾਉਣ ਲਈ ਇਨ੍ਹਾਂ ਮਹੰਤਾਂ ਨੇ ਨਵਾਂ ਰਾਹ ਲੱਭ ਲਿਆ। 50 ਫ਼ੰਡ ਬਣਦਾ 5 ਲੱਖ ਦਸਵੰਧ ਜਮ੍ਹਾਂ ਕਰਵਾ ਕੇ 45 ਲੱਖ ਗੁਰੂ ਦੀ ਗੋਲਕ ਵਿਚੋਂ ਦਿਉ ਤਾਂ ਜੋ 328 ਸਰੂਪਾਂ ਦੇ ਸੰਗੀਨ ਜੁਰਮ ਦਾ ਭੋਗ ਪਾਇਆ ਜਾ ਸਕੇ ਅਤੇ ਬਾਦਲਕਿਆਂ ਨੂੰ ਮੁੜ ਕਲੀਨ ਚਿੱਟ ਦਿਤੀ ਜਾ ਸਕੇ ਕਿਉਂਕਿ ਇਨ੍ਹਾਂ ਮਹੰਤਾਂ ਦੀ ਨਜ਼ਰ ਵਿਚ 5 ਲੱਖ ਦੀ ਹੀ ਅਹਿਮੀਅਤ ਹੈ ਪਰ ਗੁਰੂ ਪੰਥ ਦੀ ਕੋਈ ਨਹੀਂ। ਇਹ ਹੁਣ ਪੰਥ ਸੋਚੇ 328 ਸਰੂਪਾਂ ਦੇ ਦੋਸ਼ੀਆਂ ਦਾ ਵੱਡਾ ਦੋਸ਼ ਹੈ ਜਾਂ ਸ੍ਰੀ ਦਰਬਾਰ ਸਾਹਿਬ ਦਾ ਜੰਗਲਾ ਟੱਪਣ ਵਾਲੇ ਦਾ? ਤਖ਼ਤ ਕੇਸਗੜ੍ਹ ਸਾਹਿਬ ਤੇ ਬੀੜੀਆਂ ਦਾ ਧੂੰਆਂ ਮਾਰਨ ਵਾਲੇ ਦਾ? ਜਾਂ ਨਿਜ਼ਾਮਪੁਰ ਵਾਲੇ ਦਾ? ਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਨਰੈਣੂਆ ਦਾ? ਜੇ ਜੰਗਲਾ ਟੱਪਣ ਦੀ ਸਜ਼ਾ ਮੌਤ ਹੈ ਫਿਰ 328 ਸਰੂਪਾਂ ਦੇ ਜੁਰਮ ਦੀ ਸਜ਼ਾ ਦੀ ਬਜਾਏ 45 ਲੱਖ ਤੇ ਕਲੀਨ ਚਿੱਟ ਕਿਉਂ?