
ਪੰਜਾਬ ’ਚ ਮਾਫ਼ੀਆ ਗਰੋਹਾਂ ਨੂੰ ਨਹੀਂ ਰਹਿਣ
ਦੇਵੀਗੜ੍ਹ, 30 ਦਸੰਬਰ (ਰਵਿੰਦਰ ਸਿੰਘ ਪੰਜੇਟਾ) : ਚੰਨੀ ਸਰਕਾਰ, ਸਿੱਧੂ ਸਰਦਾਰ ਤੇ ਮਜੀਠੀਆ ਫ਼ਰਾਰ। ਪੰਜਾਬ ਵਿਚ ਮਾਫ਼ੀਆ ਗਰੋਹਾਂ ਤੇ ਗਰੋਹਾਂ ਦੇ ਸਰਦਾਰਾਂ ਨੂੰ ਨਹੀਂ ਰਹਿਣ ਦਿਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀ.ਪੀ.ਸੀ.ਸੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਨਾਜ ਮੰਡੀ ਦੇਵੀਗੜ੍ਹ ਵਿਖੇ ਆਯੋਜਤ ਇਕ ਵਿਸ਼ਾਲ ਵਿਕਾਸ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਲੀਡ ਨਾਲ ਹੈਰੀਮਾਨ ਨੂੰ ਜਿਤਾਵਾਂਗਾ। ਮਜੀਠੀਆ ’ਤੇ ਸ਼ਬਦੀ ਵਾਰ ਕਰਦੇ ਹੋਏ ਉਨ੍ਹਾਂ ਕਿਹਾ ਹੁਣ ਉਹ ਪੁਲਿਸ ਦੇ ਡਰੋਂ ਲੁਕੇ ਬੈਠੇ ਹਨ, ਉਨ੍ਹਾਂ ਨੂੰ ਸਜ਼ਾ ਦਿਵਾਉਣ ਤਕ ਚੈਨ ਨਾਲ ਨਹੀਂ ਬੈਠਾਂਗਾ। ਉਨ੍ਹਾਂ ਕੇਜਰੀਵਾਲ ’ਤੇ ਤੰਜ ਕਸਦਿਆਂ ਕਿਹਾ ਦਿੱਲੀ ’ਚ ਕੇਜਰੀਵਾਲ ਦੀ ਸਰਕਾਰ ਹੁੰਦਿਆਂ ਵੀ ਹਜ਼ਾਰਾਂ ਅਧਿਆਪਕ ਸੜਕਾਂ ’ਤੇ ਸੰਘਰਸ਼ ਕਰ ਰਹੇ ਹਨ ਤੇ ਉਹ ਪੰਜਾਬ ’ਚ ਕਿਵੇਂ ਅਧਿਆਪਕਾਂ ਦੀ ਸਾਰ ਲੈਣਗੇ। ਉਨ੍ਹਾਂ ਕਿਹਾ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਹਿਕਾਰੀ ਨੀਤੀ ਨੂੰ ਲਾਗੂ ਕਰਨ ਦੀ ਲੋੜ ਹੈ। ਨਵਾਂ ਪੰਜਾਬ ਮਾਡਲ ਤਹਿਤ ਪੂਰੇ ਪੰਜਾਬ ’ਚ ਕੋਲਡ ਸਟੋਰ ਬਣਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਸੂਬੇ ’ਚ ਹਰੇਕ ਮਜ਼ਦੂਰ ਦੀ ਰਜਿਸਟੇ੍ਰਸ਼ਨ ਹੋਵੇਗੀ ਤਾਂ ਜੋ ਸਿੱਧਾ ਉਸ ਦੇ ਖਾਤੇ ’ਚ ਪੈਸੇ ਆ ਸਕਣ ਤੇ ਠੇਕੇਦਾਰ ਜਿਹੜਾ ਮਰਜ਼ੀ ਕੰਟ੍ਰੈਕਟ ਕਰੇ ਪਰ ਕਿਸੇ ਮਜ਼ਦੂਰ ਨੂੰ ਵੀ 350 ਰੁਪਏ ਤੋਂ ਥੱਲੇ ਦਿਹਾੜੀ ਨਹੀਂ ਲੈਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਇੰਨੀ ਮਹਿੰਗਾਈ ਦੌਰਾਨ ਮਜ਼ਦੂਰ ਦੀ ਦਿਹਾੜੀ ਕੀਤੇ ਨਹੀਂ ਵਧਾਈ ਗਈ। ਉਨ੍ਹਾਂ ਕਿਹਾ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਣਦੀ ਛੁੱਟੀ ਵੀ ਮਿਲੇਗੀ ਅਤੇ ਉਨ੍ਹਾਂ ਤੇ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਅਸੀਂ ਅਜਿਹੇ ਸਿਸਟਮ ਨੂੰ ਖ਼ਤਮ ਕਰਨਾ ਹੈ ਤੇ ਪੰਚਾਇਤੀ ਰਾਜ ਸਥਾਪਤ ਕਰਨਾ ਹੈ। ਇਸ ਮੌਕੇ ਹੈਰੀਮਾਨ ਨੇ ਕਿਹਾ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਅਗਵਾਈ ’ਚ ਮੁੜ ਤਰੱਕੀਆਂ ਦੀਆਂ ਲੀਹਾਂ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਤਹਿਤ ਪੰਜਾਬ ਦੇ ਪੰਜਾਬੀਆਂ ਨੂੰ ਭਿ੍ਰਸ਼ਟਾਚਾਰ, ਬੇਇਮਾਨੀ ਤੇ ਕਰਜ਼ਾ ਦੀ ਗ਼ਲਤਾਨ ’ਚੋਂ ਬਾਹਰ ਕੱਢਣ ਦੀ ਨੀਤੀ ਲਿਆ ਰਹੇ ਹਨ। ਉਨ੍ਹਾਂ ਅੱਗੇ ਆਖਿਆ ਇਹ ਹਲਕਾ ਕਾਂਗਰਸ ਦਾ ਹੈ ਤੇ ਉਹ ਹਰ ਹਾਲਤ ‘ਚ ਲੋਕਾਂ ਦੇ ਪਿਆਰ ਸਦਕਾ ਆਉਣ ਵਾਲੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਵੱਡੀ ਜਿੱਤ ਲੈ ਕੇ ਦੇਣਗੇ।
ਇਸ ਮੌਕੇ ਰਤਿੰਦਰਪਾਲ ਸਿੰਘ ਰਿੱਕੀਮਾਨ ਚੇਅਰਮੈਨ, ਜੋਗਿੰਦਰ ਸਿੰਘ ਕਾਕੜਾ, ਅਸ਼ਵਨੀ ਬੱਤਾ, ਰਿੰਕੂ ਮਿੱਤਲ, ਦੇਬਣ ਹਾਜੀਪੁਰ, ਜਰਨੈਲ ਸਿੰਘ ਚੂੰਹਟ, ਹਰਦੀਪ ਸਿੰਘ ਜੋਸਨ, ਗੁਰਮੁੱਖ ਸਿੰਘ ਵਾਈਸ ਚੇਅਰਮੈਨ, ਜੀਤ ਸਿੰਘ ਮੀਰਾਂਪੁਰ ਆਦਿ ਵੀ ਹਾਜ਼ਰ ਸਨ।