
ਇਤਿਹਾਸਕ ਜਿੱਤ ਲਈ ਤਹਿ ਦਿਲੋਂ ਧਨਵਾਦ, ਚੰਡੀਗੜ੍ਹ ਵਾਸੀਆਂ ਦਾ ਭਰੋਸਾ ਟੁੱਟਣ ਨਹੀਂ ਦਿਆਂਗੇ: ਕੇਜਰੀਵਾਲ
ਆਮ ਆਦਮੀ ਪਾਰਟੀ ਨੇ ਚੰਡੀਗੜ੍ਹ 'ਚ ਵਿਸ਼ਾਲ ਜਿੱਤ ਮਾਰਚ ਕਢਿਆ
ਚੰਡੀਗੜ੍ਹ, 30 ਦਸੰਬਰ (ਨਰਿੰਦਰ ਸਿੰਘ ਝਾਂਮਪੁਰ): ਨਗਰ ਨਿਗਮ ਚੋਣਾਂ ਲਈ ਪਹਿਲੀ ਵਾਰ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ (ਆਪ) ਵਲੋਂ 14 ਸੀਟਾਂ 'ਤੇ ਇਤਿਹਾਸਕ ਜਿੱਤ ਦੇ ਜਸ਼ਨ ਵਿਚ ਵੀਰਵਾਰ ਨੂੰ ਚੰਡੀਗੜ੍ਹ ਵਿਚ ਵਿਸ਼ਾਲ ਜਿੱਤ ਮਾਰਚ ਕਢਿਆ ਗਿਆ ਜਿਸ ਦਾ ਚੰਡੀਗੜ੍ਹ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਵਿਜੇ ਯਾਤਰਾ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ | ਇਸ ਦੌਰਾਨ ਕੇਜਰੀਵਾਲ ਨੇ ਨਗਰ ਨਿਗਮ ਚੋਣਾਂ 'ਚ ਸ਼ਾਨਦਾਰ ਜਿੱਤ ਲਈ 'ਆਪ' ਦੇ ਉਮੀਦਵਾਰਾਂ ਦਾ ਧਨਵਾਦ ਕੀਤਾ |
ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲੇ ਆਪ ਦੇ ਸਹਿ-ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਦੀ ਮੌਜੂਦਗੀ ਵਿਚ ਕੇਜਰੀਵਾਲ ਦੀ ਇਹ ਵਿਜੇ ਯਾਤਰਾ ਸੈਕਟਰ 22 ਦੇ ਅਰੋਮਾ ਚੌਕ ਤੋਂ ਸ਼ੁਰੂ ਹੋ ਕੇ ਸੈਕਟਰ 23 ਵਿਚ ਸਮਾਪਤ ਹੋਈ | ਇਸ ਮੌਕੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਸਮਰਥਕ ਸਹਿ ਇੰਚਾਰਜ ਪ੍ਰੇਮ ਗਰਗ ਪ੍ਰਦੀਪ ਛਾਬੜਾ, ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ, ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪਾਰਟੀ ਇੰਚਾਰਜ ਚੰਦਰਮੁਖੀ ਸ਼ਰਮਾ ਨੇ ਸ਼ਿਰਕਤ ਕੀਤੀ | ਫੇਰੀ ਦੌਰਾਨ ਚੰਡੀਗੜ੍ਹ ਦੇ ਲੋਕਾਂ ਅਤੇ 'ਆਪ' ਸਮਰਥਕਾਂ ਨੇ ਥਾਂ-ਥਾਂ ਤੋਂ ਕੇਜਰੀਵਾਲ ਦੇ ਦੌਰੇ ਦਾ ਸਵਾਗਤ ਕੀਤਾ | ਵਿਜੇ ਯਾਤਰਾ ਦੌਰਾਨ ਅਰਵਿੰਦ ਕੇਜਰੀਵਾਲ ਨੇ ਅਪਣੇ ਸੰਬੋਧਨ 'ਚ ਆਮ ਆਦਮੀ ਪਾਰਟੀ ਦਾ ਨਗਰ ਨਿਗਮ ਚੋਣਾਂ 'ਚ ਸਮਰਥਨ ਕਰਨ ਲਈ ਧਨਵਾਦ ਕਰਦਿਆਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੇ ਨਤੀਜਿਆਂ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਦਿੱਲੀ
ਤੋਂ ਬਾਅਦ ਜਦੋਂ ਚੰਡੀਗੜ੍ਹ ਵਿਚ ਲੰਮੇ ਸਮੇਂ ਤੋਂ ਕਾਬਜ਼ ਕਾਂਗਰਸ ਅਤੇ
ਭਾਜਪਾ ਨੂੰ ਆਮ ਆਦਮੀ ਪਾਰਟੀ ਉਖਾੜ ਸਕਦੀ ਹੈ ਤਾਂ ਪੂਰੇ ਦੇਸ਼ ਵਿਚ ਵੀ 'ਆਪ' ਅਜਿਹਾ ਕਰ ਸਕਦੀ ਹੈ |
ਕੇਜਰੀਵਾਲ ਨੇ ਕਿਹਾ, ''ਆਪ ਦੀ ਇਸ ਸ਼ਾਨਦਾਰ ਜਿੱਤ ਲਈ ਅਸੀਂ ਇਥੋਂ ਦੇ ਹਰ ਨਾਗਰਿਕ ਦਾ ਤਹਿ ਦਿਲੋਂ ਧਨਵਾਦ ਕਰਦੇ ਹਾਂ ਅਤੇ ਵਾਅਦਾ ਕਰਦੇ ਹਾਂ ਕਿ ਅਸੀਂ ਇਸ ਭਰੋਸੇ ਨੂੰ ਕਦੇ ਟੁੱਟਣ ਨਹੀਂ ਦੇਵਾਂਗੇ | ਚੰਡੀਗੜ੍ਹ ਵਾਸੀਆਂ ਨੇ ਜੋ ਪਿਆਰ ਦਿਤਾ ਹੈ, ਉਸ ਨੂੰ ਕਦੇ ਵੀ ਖਤਮ ਨਹੀਂ ਹੋਣ ਦੇਵਾਂਗੇ ਅਤੇ ਹਰ ਅਣਗਹਿਲੀ ਦਾ ਸਾਹਮਣਾ ਕਰਾਂਗੇ | ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ 'ਆਪ' ਦੇ ਦਿੱਲੀ ਮਾਡਲ ਨੂੰ ਦੇਖ ਕੇ ਵੋਟਾਂ ਪਾਈਆਂ ਹਨ | ਚੰਡੀਗੜ੍ਹ ਵਿਚ ਵੀ ਦਿੱਲੀ ਮਾਡਲ ਲਾਗੂ ਕਰ ਕੇ ਇਸ ਨੂੰ ਸਭ ਤੋਂ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ |
ਵਿਜੇ ਯਾਤਰਾ ਦੌਰਾਨ ਉਨ੍ਹਾਂ ਚੰਡੀਗੜ੍ਹ ਦੇ ਅਪਣੇ ਚੁਣੇ ਹੋਏ ਕੌਂਸਲਰਾਂ ਨੂੰ ਕਿਹਾ ਕਿ ਨਿਗਮ ਚੋਣਾਂ ਤਕ ਪਾਰਟੀ ਦੀ ਰਾਜਨੀਤੀ ਹੀ ਸੀ, ਹੁਣ ਚੋਣਾਂ ਜਿੱਤਣ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਕੌਂਸਲਰ ਵੀ ਉਨ੍ਹਾਂ ਦੇ ਹੀ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਇਥੋਂ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਂ 'ਤੇ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਕਿਸੇ ਕਿਸਮ ਦਾ ਪੱਖਪਾਤ ਨਹੀਂ ਕਰਨਾ ਚਾਹੀਦਾ | ਵਿਜੇ ਯਾਤਰਾ ਨੂੰ ਸੰਬੋਧਨ ਕਰਦਿਆਂ 'ਆਪ' ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੇ ਇਤਿਹਾਸ ਬਦਲ ਦਿਤਾ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਫਰਤ ਅਤੇ ਧਰਮ ਦੀ ਰਾਜਨੀਤੀ ਨਹੀਂ ਕਰਦੀ, 'ਆਪ' ਵਿਕਾਸ ਦੀ ਰਾਜਨੀਤੀ ਕਰਦੀ ਹੈ | ਇਹੀ ਕਾਰਨ ਹੈ ਕਿ ਇਨ੍ਹਾਂ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਦੂਜੀਆਂ ਪਾਰਟੀਆਂ ਦੇ ਦਿੱਗਜ ਆਗੂਆਂ ਨੂੰ ਹਰਾਇਆ ਹੈ |
ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿਚ ਇਸ ਇਤਿਹਾਸਕ ਜਿੱਤ ਤੋਂ ਬਾਅਦ ਹੁਣ ਉਨ੍ਹਾਂ ਦਾ ਮੁੱਖ ਟੀਚਾ ਚੰਡੀਗੜ੍ਹ ਨੂੰ ਮੁੜ 'ਸਿਟੀ ਬਿਊਟੀਫੁਲ' ਬਣਾ ਕੇ ਦੇਸ਼ ਭਰ ਦੇ ਸੁੰਦਰ ਸ਼ਹਿਰਾਂ ਵਿਚੋਂ ਪਹਿਲੇ ਨੰਬਰ 'ਤੇ ਲਿਆਉਣਾ ਹੈ | ਜਿੱਤ ਰੈਲੀ ਦੌਰਾਨ 'ਆਪ' ਦੇ ਸਹਿ-ਇੰਚਾਰਜ ਪ੍ਰਦੀਪ ਛਾਬੜਾ ਅਤੇ ਚੰਡੀਗੜ੍ਹ ਨਗਰ ਨਿਗਮ ਚੋਣ ਇੰਚਾਰਜ ਚੰਦਰਮੁਖੀ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਨਿਗਮ ਚੋਣਾਂ ਵਿਚ 'ਆਪ' ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਸ਼ਹਿਰ ਵਾਸੀਆਂ ਦਾ ਧਨਵਾਦ ਕੀਤਾ | ਸੈਕਟਰ 22 ਦੇ ਅਰੋਮਾ ਚੌਕ ਤੋਂ ਸ਼ੁਰੂ ਹੋਈ ਇਸ ਵਿਜੇ ਯਾਤਰਾ ਦੇ ਰੂਟ 'ਤੇ ਚੰਡੀਗੜ੍ਹ ਵਾਸੀਆਂ ਵਲੋਂ ਅਰਵਿੰਦ ਕੇਜਰੀਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ | ਵਿਜੇ ਯਾਤਰਾ ਦੇ ਰਸਤੇ ਵਿਚ ਪਾਰਟੀ ਸਮਰਥਕਾਂ ਅਤੇ ਚੰਡੀਗੜ੍ਹ ਵਾਸੀਆਂ ਨੇ ਅਰਵਿੰਦ ਕੇਜਰੀਵਾਲ ਦਾ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲਾਂ ਨਾਲ ਸਵਾਗਤ ਕੀਤਾ | ਪੂਰੀ ਸੜਕ ਨੂੰ ਸਵਾਗਤੀ ਗੇਟ ਨਾਲ ਸਜਾਇਆ ਗਿਆ ਸੀ |
ਕੇਜਰੀਵਾਲ ਨੇ ਕੌਂਸਲਰਾਂ ਨੂੰ ਚੁਕਾਈ ਸਹੁੰ
ਜੇਤੂ ਰੈਲੀ ਦੌਰਾਨ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਪਣੇ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ | ਕੇਜਰੀਵਾਲ ਨੇ ਕਿਹਾ ਕਿ ਉਹ ਚੰਡੀਗੜ੍ਹ ਪਰਵਾਰ ਤੇ ਪਾਰਟੀ ਨਾਲ ਕਦੇ ਧੋਖਾ ਨਾ ਕਰਨ | ਉਨ੍ਹਾਂ ਕਿਹਾ ਕਿ ਰਾਜਨੀਤੀ ਸਿਰਫ਼ ਚੋਣਾਂ ਤਕ ਹੁੰਦੀ ਹੈ ਤੇ ਹੁਣ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਤੇ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਹੈ | ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਤੇ ਅਕਾਲੀ ਦਲ ਵਾਲੇ ਵੀ ਅਪਣੇ ਹਨ ਤੇ ਇਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ | ਕੌਂਸਲਰਾਂ ਨੂੰ ਸਹੁੰ ਚੁਕਵਾਉਂਦਿਆਂ ਕੇਜਰੀਵਾਲ ਨੇ ਇਹ ਅਖਵਾਇਆ ਕਿ ਜੇ ਉਹ ਕਿਸੇ ਤਰ੍ਹਾਂ ਦਾ ਵਿਤਕਰਾ ਕਰਨਗੇ ਤਾਂ ਅੱਗੇ ਤੋਂ ਚੰਡੀਗੜ੍ਹ ਦੀ ਜਨਤਾ ਉਨ੍ਹਾਂ ਨੂੰ ਇਕ ਵੀ ਵੋਟ ਨਾ ਪਾਵੇ |