
ਪੁਲਿਸ ਨੂੰ ਮਿਲਿਆ ਮੁਲਜ਼ਮਾਂ ਦਾ 5 ਦਿਨ ਦਾ ਰਿਮਾਂਡ
ਤਰਨ ਤਾਰਨ : ਮਾਨਯੋਗ ਸ੍ਰੀ ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਦੱਸਿਆ ਗਿਆ ਕਿ ਸ੍ਰੀ ਵਿਸ਼ਾਲਜੀਤ ਸਿੰਘ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਪਿਛਲੇ ਦਿਨੀ ਸਰਹਾਲੀ ਥਾਣੇ ਉੱਪਰ ਹੋਏ ਆਰ.ਪੀ.ਜੀ ਅਟੈਕ ਵਿੱਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਇਸ ਅਟੈਕ ਦੇ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਸੀ,ਉਥੇ ਹੀ ਇਸ ਕੇਸ ਨਾਲ ਸੰਬੰਧਤ ਮਿਤੀ 27-12-2022 ਨੂੰ 03 ਹੋਰ ਦੋਸ਼ੀਆਂ ਨੂੰ ਇੱਕ ਜ਼ਿੰਦਾ ਆਰ.ਪੀ.ਜੀ ਸਮੇਤ ਗ੍ਰਿਫਤਾਰ ਕੀਤਾ ਗਿਆ
ਸੀ।
ਜਿਸ 'ਤੇ ਅਗਲੇਰੀ ਕਾਰਵਾਈ ਕਰਦੇ ਹੋਏ ਇੰਚਾਰਜ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਮੁੱਕਦਮਾ ਉਕਤ ਦੀ ਤਫਤੀਸ਼ ਅਤੇ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ ਗਈਆ ਸਨ। ਜਿਸ 'ਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਆਰ.ਪੀ.ਜੀ ਦੇ ਮੁੱਖ ਦੋਸ਼ੀਆਂ ਨੂੰ ਆਪਣੀ ਮੋਟਰ ਪਰ ਠਹਿਰਾਉਣ ਵਾਲੇ ਦੋਸ਼ੀ ਹਰਮਨ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਸੈਦੋਂ ਨੂੰ ਗ੍ਰਿਫਤਾਰ ਕਰ ਕੇ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕੀਤਾ ਗਿਆ।
ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਤਫਤੀਸ਼ ਦੌਰਾਨ ਕੁਲਦੀਪ ਸਿੰਘ ਉਰਫ ਲੱਡੂ ਪੁੱਤਰ ਰਣਧੀਰ ਸਿੰਘ ,ਅਸ਼ੋਕਦੀਪ ਸਿੰਘ ਉਰਫ ਅਰਸ਼ ਉਰਫ ਮੱਛੀ ਪੁੱਤਰ ਪਰਮਜੀਤ ਸਿੰਘ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਖੱਲੀ ਪੁੱਤਰ ਸਰਵਨ ਸਿੰਘ ਵਾਸੀਆਨ ਰੂੜੀਵਾਲਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰ ਕੇ ਪੁੱਛ-ਗਿੱਛ ਕੀਤੀ ਗਈ। ਜੋ ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਉਕਤ ਗ੍ਰਿਫਤਾਰ ਦੋਸ਼ੀਆਂ ਵੱਲੋਂ ਆਰ.ਪੀ.ਜੀ ਅਟੈਕ ਲਈ ਆਏ ਪੈਸਿਆ ਦਾ ਲੈਣ-ਦੇਣ ਕੀਤਾ ਗਿਆ ਸੀ। ਜਿਸ 'ਤੇ ਉਕਤ ਦੋਸ਼ੀਆਂ ਨੂੰ ਮੁੱਕਦਮਾ ਉਕਤ ਵਿੱਚ ਨਾਮਜ਼ਦ ਕਰ ਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ।
ਦੌਰਾਨੇ ਤਫਤੀਸ਼ ਕੁਲਦੀਪ ਸਿੰਘ ਉਰਫ ਲੱਡੂ ਕੋਲੋਂ ਇੱਕ ਦੇਸੀ ਘੱਟਾ 315 ਬੋਰ ਸਮੇਤ 03 ਰੌਂਦ ਜ਼ਿੰਦਾ 315 ਬੋਰ ,ਅਸ਼ੋਕਦੀਪ ਸਿੰਘ ਉਰਫ ਅਰਸ਼ ਮੱਛੀ ਉਕਤ ਪਾਸੋਂ ਇੱਕ ਦੇਸੀ ਪਿਸਤੋਲ 32 ਬੋਰ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਉਕਤ ਪਾਸੋਂ ਏਅਰ ਗੰਨ ਦਾ ਸਾਜੋ ਸਾਮਾਨ (ਜਿਸ ਨਾਲ ਇਹ ਦੇਸੀ ਪਿਸਤੌਲ ਤਿਆਰ ਕਰਦੇ ਸਨ) ਬਰਾਮਦ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਂਸਲ ਕੀਤਾ ਗਿਆ ਹੈ। ਦੌਰਾਨੇ ਰਿਮਾਂਡ ਹੋਰ ਵੀ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।