
ਕਿਹਾ- ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕਰੀਏ ਤਾਂ ਪੰਜਾਬ ਅਤੇ ਪੰਜਾਬੀ ਪੂਰੇ ਮੁਲਕ ਵਿਚ ਸਿਰਮੌਰ ਹੋਣਗੇ
ਮੋਹਾਲੀ :ਲਤੀਫ਼ਪੁਰ ਵਿਖੇ ਜੋ ਘਟਨਾ ਹੋਈ ਅਤੇ ਕਈ ਘਰ ਬੇਘਰ ਹੋਏ ਉਨ੍ਹਾਂ ਦੇ ਮੁੜ ਵਸੇਬੇ ਲਈ ਸਰਕਾਰ ਯਤਨਸ਼ੀਲ ਹੈ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮਾਝੇ ਦੇ ਦੋ ਹੋਰ ਸ਼ਹਿਰਾਂ ਵਿਚ ਵੀ ਅਜਿਹੀ ਹੀ ਕਾਰਵਾਈ ਦੀ ਤਿਆਰੀ ਹੈ। ਇਸ ਬਾਰੇ ਮੰਤਰੀ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਝੇ ਵਿਚ 2 ਹੋਰ ਸ਼ਹਿਰਾਂ 'ਤੇ ਹੋਣ ਵਾਲੀ ਕਾਰਵਾਈ ਸਰਕਾਰ ਦੇ ਧਿਆਨ ਵਿਚ ਰਹੇਗੀ ਅਤੇ ਜੇ ਕੋਈ ਐਕਸ਼ਨ ਲੈਣਾ ਪਿਆ ਤਾਂ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਲਤੀਫ਼ਪੁਰ ਘਟਨਾ ਬਾਰੇ ਗੱਲ ਕਰਦਿਆਂ ਵੀ ਮਨ ਦੁਖੀ ਹੁੰਦਾ ਹੈ ਪਰ ਇਹ ਸਭ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਅਮਨ ਅਰੋੜਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੇ ਹਨ। ਹੁਣ ਉਹ ਸਿਰਫ ਮੌਜੂਦਾ ਸਰਕਾਰ ਨੂੰ ਭੰਡਣ ਦਾ ਕੰਮ ਕਰ ਰਹੇ ਹਨ। ਕੀ ਇੰਨੇ ਸਾਲ ਉਹ ਸੁੱਤੇ ਰਹੇ ਸਨ? ਉਨ੍ਹਾਂ ਅੱਗੇ ਕਿਹਾ ਕਿ ਕਿੰਨੇ ਸਾਲਾਂ ਤੋਂ ਇਹ ਕੇਸ ਹੇਠਲੀਆਂ ਅਦਾਲਤਾਂ, ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਪਰ ਇਨ੍ਹਾਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਪਰ ਹੁਣ ਮਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭੰਡ ਰਹੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਆਪਣੇ ਰਾਜ ਵਿਚ ਪਿਛਲੀਆਂ ਸਰਕਾਰਾਂ ਨੇ ਹਜ਼ਾਰਾਂ ਏਕੜ ਸਰਕਾਰੀ ਅਤੇ ਸ਼ਾਮਲਾਟ ਜ਼ਮੀਨਾਂ ਦੱਬ ਲਈਆਂ ਪਰ ਇੰਨੇ ਥੋੜੇ ਘਰਾਂ ਨੂੰ ਜ਼ਮੀਨ ਕਿਉਂ ਨਹੀਂ ਅਲਾਟ ਕੀਤੀ ਗਈ? ਅਮਨ ਅਰੋੜਾ ਨੇ ਕਿਹਾ ਕਿ ਜੋ ਵੀ ਹੋਇਆ ਉਹ ਬਹੁਤ ਦੁਖਦ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਜਨਤਾ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕਰ ਰਹੇ ਹਨ ਜਿਨ੍ਹਾਂ ਵਿਚ ਮੁਫ਼ਤ ਬਿਜਲੀ, ਨੌਜਵਾਨਾਂ ਨੂੰ ਰੁਜ਼ਗਾਰ ਅਤੇ ਹੋਰ ਕਈ ਸਹੂਲਤਾਂ ਹਨ ਜਿਨ੍ਹਾਂ ਦਾ ਵਾਅਦਾ ਕਰ ਕੇ ਅਸੀਂ ਆਪਣੇ ਕਾਰਜਕਾਲ ਦੇ ਇਨ੍ਹਾਂ ਅੱਠ ਮਹੀਨਿਆਂ ਵਿਚ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਾਰੇ ਵਾਅਦੇ ਅਜੇ ਪੂਰੇ ਨਹੀਂ ਹੋਏ ਹਨ ਪਰ ਜੇਕਰ ਨੀਅਤ ਸਾਫ ਹੋਵੇ ਤਾਂ ਰੱਬ ਵੀ ਮਦਦਗਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਜਨਤਾ ਦੀਆਂ ਹੋਰ ਲੋੜਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ।