ਟਾਇਰ ਫਟਣ ਕਾਰਨ ਝੁੱਗੀ-ਝੌਂਪੜੀ 'ਤੇ ਪਲਟਿਆ ਟਰੱਕ
ਜਗਰਾਉਂ ਸ਼ਹਿਰ ਦੇ ਸਿੱਧਵਾ ਬੇਟ ਰੋਡ 'ਤੇ ਅੱਜ ਇੱਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਗਿਆ ਤੇ ਸੜਕ ਕਿਨਾਰੇ ਇੱਕ ਝੁੱਗੀ-ਝੌਂਪੜੀ 'ਤੇ ਪਲਟ ਗਿਆ। ਇਸ ਦਰਦਨਾਕ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ, ਪੰਜ ਸਾਲਾ ਗੋਪਾਲ ਅਤੇ ਸੱਤ ਸਾਲਾ ਪਿੰਕੀ ਦੀ ਮੌਤ ਹੋ ਗਈ। ਜੋ ਕਿ ਆਪਸ ਵਿ ਭੈਣ-ਭਰਾ ਸਨ। ਹਾਦਸੇ ਦੀ ਖ਼ਬਰ ਮਿਲਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਾਸੂਮ ਬੱਚਿਆਂ ਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਅਨੁਸਾਰ ਸਿੱਧਵਾ ਬੇਟ ਤੋਂ ਜਗਰਾਉਂ ਵੱਲ ਆ ਰਹੇ ਬੱਜਰੀ ਨਾਲ ਭਰੇ ਇੱਕ ਟਰੱਕ ਦਾ ਇੱਕ ਟਾਇਰ ਨਿਕਲ ਗਿਆ, ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਕਿਨਾਰੇ ਇੱਕ ਝੁੱਗੀ-ਝੌਂਪੜੀ ਵਿੱਚ ਪਲਟ ਗਿਆ। ਹਾਦਸੇ ਸਮੇਂ ਪੂਰਾ ਪਰਿਵਾਰ ਝੁੱਗੀ-ਝੌਂਪੜੀ ਦੇ ਅੰਦਰ ਸੌਂ ਰਿਹਾ ਸੀ।ਹਾਦਸੇ ਵਿਚ ਭੈਣ-ਭਰਾ ਟਰੱਕ ਹੇਠਾਂ ਆ ਗਏ, ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬੱਚਿਆਂ ਦਾ ਪਿਤਾ ਜ਼ਖ਼ਮੀ ਹੋ ਗਿਆ ਜਦੋਂ ਕਿ ਦੋ ਹੋਰ ਬੱਚੇ ਵਾਲ-ਵਾਲ ਬਚ ਗਏ।
ਚਸ਼ਮਦੀਦਾਂ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ, ਹਾਦਸੇ ਤੋਂ ਬਾਅਦ ਦੋਵੇਂ ਮਾਸੂਮ ਬੱਚੇ ਲਗਭਗ ਇੱਕ ਘੰਟੇ ਤੱਕ ਟਰੱਕ ਅਤੇ ਬੱਜਰੀ ਦੇ ਹੇਠਾਂ ਤੜਫਦੇ ਰਹੇ। ਇਸ ਦੌਰਾਨ ਟਰੱਕ ਡਰਾਈਵਰ ਅਤੇ ਉਸ ਦਾ ਸਾਥੀ ਟਰੱਕ ਦੀ ਅਗਲੀ ਖਿੜਕੀ ਤੋੜ ਕੇ ਮੌਕੇ ਤੋਂ ਭੱਜ ਗਏ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਡਰਾਈਵਰ ਨੇ ਇਨਸਾਨੀਅਤ ਦਿਖਾਈ ਹੁੰਦੀ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਬੱਜਰੀ ਹਟਾਉਣ ਵਿੱਚ ਮਦਦ ਕੀਤੀ ਹੁੰਦੀ ਤਾਂ ਸ਼ਾਇਦ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਸੀ।
ਹਾਦਸੇ ਤੋਂ ਬਾਅਦ ਬੱਚਿਆਂ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਬੜੀ ਮੁਸ਼ਕਲ ਨਾਲ ਬੱਜਰੀ ਹਟਾਈ ਅਤੇ ਬੱਚਿਆਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਦੋਵੇਂ ਮਾਸੂਮ ਬੱਚੇ ਦਰਦ ਨਾਲ ਚੀਕਦੇ ਹੋਏ ਮਰ ਚੁੱਕੇ ਸਨ।
