ਚੰਡੀਗੜ੍ਹ,
18 ਸਤੰਬਰ (ਜੀ.ਸੀ. ਭਾਰਦਵਾਜ) : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ 'ਤੇ ਗੰਭੀਰ
ਦੋਸ਼ ਲਾਇਆ ਹੈ ਕਿ ਪੰਜਾਬ ਦੇ ਹਿੱਤ ਹਰਿਆਣਾ ਤੇ ਕੇਂਦਰ ਕੋਲ ਗੁਪਤੀ ਢੰਗ ਨਾਲ ਵੇਖ ਕੇ
ਅੰਦਰਖ਼ਾਤੇ ਸਮਝੌਤਾ ਕਰ ਲਿਆ ਹੈ ਤਾਕਿ ਐਸ.ਵਾਈ.ਐਲ. ਦਾ ਮਾਮਲਾ ਨਿਬੇੜਿਆ ਜਾ ਸਕੇ।
ਅੱਜ ਇਥੇ 26 ਮੈਂਬਰੀ ਕੋਰ ਕਮੇਟੀ ਦੀ ਬੈਠਕ 'ਚ ਅਕਾਲੀ ਦਲ ਦੇ ਪੈਟਰਨ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਾਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਪਾਣੀਆਂ ਨਾਲ ਸੌਦਾ ਕਰ ਲਿਆ ਹੈ ਅਤੇ 1000 ਕਿਊਸਿਕ ਪੰਜਾਬ ਦਾ ਪਾਣੀ ਹਾਂਸੀ-ਬੁਟਾਣਾ ਨਹਿਰ ਰਾਹੀਂ ਹਰਿਆਣਾ ਨੂੰ ਦੇਣ ਦਾ ਗੁਪਤੀ ਅਹਿਦ ਕਰ ਲਿਆ ਹੈ।
ਕੋਰ ਕਮੇਟੀ ਨੇ ਕਾਂਗਰਸ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ
ਪੰਜਾਬ ਦਾ ਪਾਣੀ ਅਤੇ ਲੋਕਾਂ ਦੇ ਹਿੱਤ ਵੇਚ ਕੇ ਸੂਬੇ ਵਿਚ ਅੱਗ ਨਾ ਲਾਉਣ, ਲੋਕਾਂ ਦੀਆਂ
ਭਾਵਨਾਵਾਂਨਾਲ ਖਿਲਵਾੜ ਨਾ ਕਰਨ, ਨਹੀਂ ਤਾਂ ਅਕਾਲੀ ਦਲ ਮੋਰਚਾ ਲਾਉਣ ਲਈ ਮਜਬੂਰ
ਹੋਵੇਗਾ।
ਅਕਾਲੀ ਦਲ ਦੇ ਸੈਕਟਰ 28 ਵਾਲੇ ਦਫ਼ਤਰ ਵਿਚ ਕੀਤੀ ਇਸ ਅਹਿਮ ਬੈਠਕ ਵਿਚ
ਲੀਡਰਾਂ ਨੇ 26 ਸਤੰਬਰ ਨੂੰ ਗੁਰਦਾਸਪੁਰ ਵਿਚ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ। ਉਨ੍ਹਾਂ
ਦਾ ਦੋਸ਼ ਹੈ ਕਿ ਪਿਛਲੇ ਮਹੀਨੇ ਗੁਰਦਵਾਰਾ ਘੱਲੂਘਾਰਾ ਕਾਹਨੂੰਵਾਨ ਵਿਖੇ ਗੁਰੂ ਗ੍ਰੰਥ
ਸਾਹਿਬ ਦੀ ਕੀਤੀ ਬੇਅਦਬੀ ਅਤੇ ਗ੍ਰੰਥੀ ਵਲੋਂ ਤੋੜੀ ਮਰਿਆਦਾ ਦੇ ਸਬੰਧ ਵਿਚ ਜਾਂਚ ਕਰਨ ਗਏ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਰੋਕਿਆ ਗਿਆ, ਜਿਸ ਕਾਰਨ ਸੰਗਤ ਵਿਚ
ਗੁੱਸਾ ਹੈ। ਕਮੇਟੀ ਨੇ ਇਹ ਵੀ ਤਾੜਨਾ ਕੀਤੀ ਕਿ ਜੇ ਦਰਜ ਕੀਤੇ ਝੂਠੇ 500 ਕੇਸ ਵਾਪਸ ਨਾ
ਲਏ ਗਏ ਅਤੇ ਕਾਂਗਰਸ ਸਰਕਾਰ ਵਲੋਂ ਸਿੱਖ ਧਾਰਮਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਬੰਦ ਨਾ ਕੀਤੀ
ਤਾਂ ਅਕਾਲੀ ਦਲ, ਬਦਲਾ ਲਊ ਭਾਵਨਾ ਨਾਲ ਕਾਂਗਰਸ ਸਰਕਾਰ ਵਲੋਂ ਦਰਜ ਕੀਤੇ ਕੇਸਾਂ ਵਿਰੁਧ
ਮੁਹਿੰਮ ਛੇੜੇਗਾ। ਕੋਰ ਕਮੇਟੀ ਨੇ ਏਅਰ ਮਾਰਸ਼ਲ ਮਰਹੂਮ ਸ. ਅਰਜਨ ਸਿੰਘ ਨੂੰ ਭਾਰਤ ਰਤਨ ਦਾ
ਐਵਾਰਡ ਦੇਣ ਲਈ ਵੀ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੀ। ਬੈਠਕ ਮਗਰੋਂ ਉਸੇ ਥਾਂ ਭਾਜਪਾ
ਤੇ ਅਕਾਲੀ ਦਲ ਦੀ ਸੰਯੁਕਤ ਕਮੇਟੀ ਦੀ ਮੀਟਿੰਗ ਹੋਈ ਜਿਸ 'ਚ ਗੁਰਦਾਸਪੁਰ ਸੀਟ ਵਾਸਤੇ
ਜ਼ਿਮਨੀ ਚੋਣ ਲਈ ਪ੍ਰਚਾਰ ਦਾ ਪ੍ਰੋਗਰਾਮ ਉਲੀਕਿਆ ਗਿਆ।