
ਅੰਮ੍ਰਿਤਸਰ: ਇੰਡੀਗੋ ਏਅਰਲਾਈਨ ਆਪਣੇ ਯਾਤਰੀਆਂ ਨੂੰ ਘੱਟ ਕੀਮਤ 'ਚ ਅੰਮ੍ਰਿਤਸਰ ਤੋਂ ਬੈਂਗਲੋਰ ਦੀ ਸਿੱਧੀ ਫਲਾਈਟ ਦੀ ਸੁਵਿਧਾ 3 ਅਕਤੂਬਰ ਤੋਂ ਮੁਹੱਈਆ ਕਰਵਾਉਣ ਜਾ ਰਿਹਾ ਹੈ। ਇਹ ਫਲਾਈਟ ਰੋਜ਼ਾਨਾ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਤੋਂ ਬੈਂਗਲੋਰ ਇੰਟਰਨੈਸ਼ਨਲ ਏਅਰਪੋਰਟ ਲਈ ਉਡਾਣ ਭਰੇਗੀ। ਇਹ ਸੁਵਿਧਾ ਮਾਝਾ ਤੇ ਮਾਲਵਾ 'ਚ ਰਹਿਣ ਵਾਲੇ ਲੋਕਾਂ ਲਈ ਇਕ ਵੱਡੀ ਰਾਹਤ ਸਾਬਤ ਹੋਵੇਗੀ, ਜਿਨ੍ਹਾਂ ਨੂੰ ਆਈ. ਟੀ. ਸੀਟੀ ਜਾਣ ਲਈ ਦਿੱਲੀ ਤੋਂ ਫਲਾਈਟ ਲੈਣੀ ਪੈਂਦੀ ਸੀ। ਜ਼ਿਕਰਯੋਗ ਹੈ ਕਿ ਫਲਾਈਟ ਨੰਬਰ (6 ਈ-477) ਸਵੇਰੇ 10 ਵਜੇ ਬੈਂਗਲੋਰ ਤੋਂ ਟੈਕ ਆਫ ਕਰੇਗਾ ਤੇ ਦੁਪਹਿਰ 12:55 ਤੇ ਅੰਮ੍ਰਿਤਸਰ ਏਅਰਪੋਰਟ ਲੈਂਡ ਕਰੇਗਾ ਅਤੇ ਅੰਮ੍ਰਿਤਸਰ ਤੋਂ ਸ਼ਾਮ 4:30 ਤੋਂ ਫਲਾਈਟ ਉਡਾਣ ਭਰੇਗੀ ਤੇ ਸ਼ਾਮ 7:25 ਤੇ ਬੈਂਗਲੋਰ ਪਹੁੰਚੇਗੀ।
ਇੰਡੀਗੋ ਏਅਰਲਾਈਨ ਵੱਲੋਂ ਇਕ ਤਰਫਾ ਸਫਰ ਦਾ ਕਿਰਾਇਆ 4500 ਰੁਪਏ ਤੋਂ 5000 ਰੁਪਏ ਤੱਕ ਰੱਖਿਆ ਗਿਆ ਹੈ ਤੇ ਜਲਦ ਹੀ ਇੰਡੀਗੋ ਏਅਰਲਾਈਨ ਅੰਮ੍ਰਿਤਸਰ ਤੋਂ ਸ੍ਰੀਨਗਰ ਦੀ ਫਲਾਈਟ ਵੀ ਸ਼ੁਰੂ ਕਰਨ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਲਦ ਹੀ 18 ਡੋਮੈਸਟਿਕ ਤੇ 10 ਇੰਟਰਨੈਸ਼ਨਲ ਫਲਾਈਟਜ਼ ਅੰਮ੍ਰਿਤਸਰ ਏਅਰਪੋਰਟ ਤੋਂ ਰੋਜ਼ਾਨਾ ਦੀਆਂ ਹਨ, 14 ਡੋਮੈਸਟਿਕ ਫਲਾਈਟਜ਼ 'ਚੋਂ 14 ਦਿੱਲੀ, 3 ਮੁਬੰਈ ਤੇ 1 ਜੰਮੂ ਲਈ ਹੈ।