
ਮੋਹਾਲੀ- ਪੁਲਿਸ ਵਲੋਂ ਕਰੀਬ 5 ਮਹੀਨੇ ਪਹਿਲਾਂ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਏ ਬੱਬਰ ਖਾਲਸਾ ਨਾਲ ਸੰਬੰਧਤ ਮੁਲਜ਼ਮਾਂ ਵਿਚੋਂ 4 ਹਰਵਰਿੰਦਰ ਸਿੰਘ, ਰਮਨਦੀਪ ਸਿੰਘ, ਪਰਮਿੰਦਰ ਸਿੰਘ, ਸੁਖਪ੍ਰੀਤ ਸਿੰਘ ਵਲੋਂ ਆਪਣੇ ਵਕੀਲਾਂ ਰਾਹੀਂ ਜ਼ਿਲਾ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ, ਜੋ ਅਦਾਲਤ ਵਲੋਂ ਅੱਜ ਰੱਦ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 30 ਮਈ ਨੂੰ ਪੁਲਿਸ ਦੇ ਸੀ. ਆਈ. ਏ. ਸਟਾਫ ਨੇ ਫੇਜ਼-6 ਮੋਹਾਲੀ ਅਤੇ ਹੋਰ ਕਈ ਥਾਵਾਂ ਤੋਂ ਬੱਬਰ ਖਾਲਸਾ ਨਾਲ ਸੰਬੰਧਤ ਇਕ ਔਰਤ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਮੁਲਜ਼ਮਾਂ ਖਿਲਾਫ ਪੁਲਿਸ ਸਟੇਸ਼ਨ ਫੇਜ਼-1 ਮੋਹਾਲੀ ਵਿਚ ਕੇਸ ਦਰਜ ਕੀਤਾ ਗਿਆ ਸੀ। ਸਾਰੇ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ਦੌਰਾਨ ਅਦਾਲਤ ਨੇ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਸੀ। ਸਾਰੇ ਮੁਲਜ਼ਮਾਂ 'ਤੇ ਇਲਜ਼ਾਮ ਸੀ ਕਿ ਉਹ ਖਾਲਿਸਤਾਨ ਜ਼ਿੰਦਾਬਾਦ ਗਰੁੱਪ ਬਣਾ ਕੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਕਿਸਤਾਨ ਅਤੇ ਉਸ ਦੇ ਵੱਖ-ਵੱਖ ਪੂਰਬੀ ਦੇਸ਼ਾਂ ਅਤੇ ਯੂ. ਕੇ. ਦੇ ਕੱਟੜਪੰਥੀ ਨੌਜਵਾਨਾਂ ਨੂੰ ਇਕੱਠਾ ਕਰਨ ਵਿਚ ਲੱਗੇ ਹੋਏ ਸਨ।
ਸੀਨੀਅਰ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਇਕ ਸ਼ਿਵ ਸੈਨਾ ਨੇਤਾ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਇਸ ਤੋਂ ਇਲਾਵਾ ਬਰਗਾੜੀ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਵੀ ਇਨ੍ਹਾਂ ਦੇ ਨਿਸ਼ਾਨੇ 'ਤੇ ਸਨ। ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।