
ਬਠਿੰਡਾ, 10 ਫ਼ਰਵਰੀ (ਸੁਖਜਿੰਦਰ ਮਾਨ): ਸੂਬੇ ਦੀ ਸੱਤਾ 'ਤੇ ਦਹਾਕਿਆਂ ਤਕ ਸ਼ਾਸਨ ਕਰਨ ਵਾਲੇ ਬਾਦਲ ਪਰਵਾਰ 'ਚ ਦੋ ਭਰਾਵਾਂ ਵਿਚਕਾਰ ਸਿਆਸੀ ਜੰਗ ਵਧਦੀ ਨਜ਼ਰ ਆ ਰਹੀ ਹੈ। ਬੀਤੇ ਕਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਪਣੇ ਚਚੇਰੇ ਭਰਾ ਅਤੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦੇ ਰਿਸ਼ਤੇਦਾਰ ਉਪਰ ਗੁੰਡਾ ਟੈਕਸ ਸਹਿਤ ਪੰਜਾਬ ਦੀ ਵਿੱਤੀ ਹਾਲਾਤ ਨੂੰ ਵਿਗਾੜਣ ਦੇ ਦੋਸ਼ ਲਗਾਉਣ ਤੋਂ ਬਾਅਦ ਅੱਜ ਮਨਪ੍ਰੀਤ ਦੁਆਰਾ ਸੁਖਬੀਰ ਨੂੰ ਭ੍ਰਿਸਟਾਚਾਰ ਅਤੇ ਸੂਬੇ ਦੀ ਵਿੱਤੀ ਹਾਲਾਤ 'ਤੇ ਖੁਲ੍ਹੀ ਜਨਤਕ ਬਹਿਸ ਦੀ ਚੁਨੌਤੀ ਦਿਤੀ ਗਈ ਹੈ। ਸਥਾਨਕ ਕਪੜਾ ਮਾਰਕੀਟ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਸੁਖਬੀਰ ਸੱਚਾ ਹੈ ਤਾਂ ਉਹ ਟੀ.ਵੀ, ਵਿਧਾਨ ਸਭਾ ਜਾਂ ਕਿਸੇ ਸਿਆਸੀ ਕਾਨਫਰੰਸ 'ਚ ਜਨਤਾ ਸਾਹਮਣੇ ਇਨ੍ਹਾਂ ਮੁੱਦਿਆਂ ਉਪਰ ਚਰਚਾ ਕਰਨਗੇ ਤੇ ਇਸ ਇਕ ਘੰਟੇ ਦੀ ਚਰਚਾ ਦੌਰਾਨ ਉਹ ਸੁਖਬੀਰ ਨੂੰ 45 ਮਿੰਟ ਦੇਣਗੇ ਅਤੇ ਖ਼ੁਦ 15 ਮਿੰਟ ਬੋਲਣਗੇ ਤੇ ਉਸ ਤੋਂ ਬਾਅਦ ਜਨਤਾ ਦੋਨਾਂ ਵਿਚੋਂ ਸੱਚੇ ਤੇ ਝੂਠੇ ਬਾਰੇ ਖ਼ੁਦ ਫ਼ੈਸਲਾ ਕਰ ਲਵੇਗੀ। ਵਿਤ ਮੰਤਰੀ ਨੇ ਦੋਸ਼ ਲਗਾਇਆ ਕਿ ਪੰਜਾਬ 'ਚ ਗੁੰਡਾ ਟੈਕਸ ਸਬਦ 10 ਸਾਲ ਪਹਿਲਾਂ ਅਕਾਲੀਆਂ ਦੇ ਰਾਜ਼ 'ਚ ਆਇਆ ਸੀ ਜਦ ਰੇਤ ਮਾਫ਼ੀਆ, ਕੇਬਲ ਮਾਫ਼ੀਆ ਤੇ ਟ੍ਰਾਂਸਪੋਰਟ ਮਾਫ਼ੀਆ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿਤਾ ਸੀ। ਸ: ਬਾਦਲ ਨੇ ਅੱਗੇ ਕਿਹਾ ਕਿ ਉਨ੍ਹਾਂ ਤੋਂ ਪੰਜਾਬ ਦੀ ਜਨਤਾ ਨੂੰ ਨਹੀਂ,

ਬਲਕਿ ਸੁਖਬੀਰ ਸਿੰਘ ਬਾਦਲ ਨੂੰ ਖ਼ਤਰਾ ਹੈ ਕਿÀੁਂਕਿ ਉਹ ਉਸਦੇ ਸਿਆਸੀ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਵਿਤ ਮੰਤਰੀ ਨੇ ਦੋਸ਼ ਲਗਾਏ ਕਿ ਅਕਾਲੀ ਸਰਕਾਰ ਦੌਰਾਨ ਪੰਜਾਬ ਦੇ ਖ਼ਜ਼ਾਨੇ ਨੂੰ ਬੁਰੀ ਤਰ੍ਹਾਂ ਲੁਟਿਆ ਗਿਆ ਤੇ ਇਥੋਂ ਤਕ ਪੰਜਾਬ ਦੇ ਜਨਤਕ ਅਦਾਰਿਆਂ ਦੀਆਂ ਅਗਲੇ ਪੰਜ ਸਾਲਾਂ ਦੀ ਆਮਦਨ ਵੀ ਗਹਿਣੇ ਰੱਖ ਦਿਤੀ ਗਈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਸਰਕਾਰ ਦੁਆਰਾ ਕਂੇਦਰੀ ਪ੍ਰੋਜੈਕਟਾਂ 'ਚ ਅੜਿੱਕੇ ਢਾਹੁਣ ਦੇ ਦੋਸ਼ਾਂ ਨੂੰ ਵੀ ਸਿਆਸਤ ਤੋਂ ਪ੍ਰੇਰਤ ਦਸਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਏਮਜ਼ 100 ਫ਼ੀ ਸਦੀ ਕੇਂਦਰੀ ਹਿੱਸੇਦਾਰੀ ਵਾਲਾ ਪ੍ਰੋਜੈਕਟ ਹੈ ਤੇ ਇਸ ਦੇ ਲਈ ਛੋਟੀਆਂ-ਮੋਟੀਆਂ ਰੁਕਾਵਟਾਂ ਨੂੰ ਦੂਰ ਕਰ ਦਿਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਦੋ ਫ਼ਸਲਾਂ ਦੀ ਤਰ੍ਹਾਂ ਆਗਾਮੀ ਕਣਕ ਦੀ ਫ਼ਸਲ ਨੂੰ ਖ਼ਰੀਦਣ ਲਈ ਕੈਪਟਨ ਸਰਕਾਰ ਦੁਆਰਾ ਸਾਰੇ ਪ੍ਰਬੰਧ ਕੀਤੇ ਜਾ ਚੁਕੇ ਹਨ।
ਮੌੜ ਬੰਬ ਬਲਾਸਟ ਦੇ ਮਾਮਲੇ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਪੁਲਿਸ ਅਧਿਕਾਰੀ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਨਪ੍ਰੀਤ ਨੇ ਥਰਮਲ ਬੰਦ ਕਰਨ ਦੇ ਮੁੱਦੇ 'ਤੇ ਵੀ ਸਫ਼ਾਈ ਦਿੰਦੇ ਹੋਏ ਇਸ ਨੂੰ ਪੰਜਾਬ ਦੇ ਲੋਕਾਂ ਦੇ ਭਲੇ ਲਈ ਚੁਕਿਆ ਕਦਮ ਕਰਾਰ ਦਿਤਾ।
ਇਸ ਖ਼ਬਰ ਨਾਲ ਸਬੰਧਤ ਫੋਟੋ 10 ਬੀਟੀਆਈ 10 ਵਿਚ ਹੈ।