
ਜਲੰਧਰ, 20 ਫ਼ਰਵਰੀ (ਪਰਦੀਪ ਸਿੰਘ ਬਸਰਾ) : ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਣ ਪਿਛੋਂ ਚਿਰਾਂ ਤੋਂ ਉਡੀਕੇ ਜਾ ਰਹੇ ਪੰਜਾਬ ਮੰਤਰੀ ਮੰਡਲ ਦੇ ਵਾਧੇ ਸਬੰਧੀ ਆਪੋ-ਅਪਣੇ ਥਾਈਂ ਲਗਪਗ ਦੋ ਸੂਚੀਆਂ ਤਿਆਰ ਹੋ ਚੁਕੀਆਂ ਹਨ ਅਤੇ ਇਸ ਸਬੰਧੀ ਕੁਝ ਹੀ ਦਿਨਾ ਵਿਚ ਮੁੱਖ ਮੰਤਰੀ ਪੰਜਾਬ ਮਹਾਰਾਜਾ ਅਮਰਿੰਦਰ ਸਿੰਘ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਅਹਿਮ ਮੀਟਿੰਗ ਹੋ ਰਹੀ ਹੈ ਅਤੇ ਬਜਟ ਸੈਸ਼ਨ ਤੋਂ ਪਹਿਲਾਂ ਇਨ੍ਹਾਂ ਨਵੇਂ ਮੰਤਰੀਆਂ ਨੂੰ ਜੀ ਆਇਆਂ ਕਹੇ ਜਾਣ ਦੀ ਪੂਰੀ ਸੰਭਾਵਨਾ ਹੈ।ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ ਕਾਂਗਰਸੀ ਹਕੂਮਤ ਵਾਲੇ ਸੂਬਿਆਂ ਵਿਚ ਸਭ ਤੋਂ ਅਹਿਮ ਸੂਬੇ ਪੰਜਾਬ ਵਿਚ ਮੰਤਰੀ ਮੰਡਲ ਦੇ ਵਿਸਥਾਰ ਲਈ ਬੜੇ ਸੂਚੇਤ ਹੋ ਕੇ ਨਾਵਾਂ ਦੀ ਚੋਣ ਕੀਤੀ ਗਈ ਹੈ ਤਾਂ ਕਿ ਹਰ ਖਿਤੇ ਨੂੰ ਪ੍ਰਤੀਨਿਧਤਾ ਮਿਲ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਵਿਚ ਕਿਸ ਨੂੰ ਸ਼ਾਮਲ ਕੀਤਾ ਜਾਏ ਅਤੇ ਕਿਸ ਨੂੰ ਨਾ ਸ਼ਾਮਲ ਕੀਤਾ ਜਾਏ ਇਸ ਨੁਕਤੇ 'ਤੇ ਰਾਹੁਲ ਗਾਂਧੀ ਟੀਮ ਵਲੋਂ ਆਪਣੇ ਤੌਰ 'ਤੇ ਵੀ ਸੂਚੀ ਤਿਆਰ ਕੀਤੀ ਗਈ ਹੈ ਜਦੋਂ ਕਿ ਕੈਪਟਨ ਸਰਕਾਰ ਵਲੋਂ ਬੜੇ ਸੂਚੇਤ ਹੋ ਕੇ ਜੋ ਸੂਚੀ ਤਿਆਰ ਕੀਤੀ ਗਈ ਹੈ ਉਸ ਲਈ ਇੰਟੈਲੀਜੈਂਸ ਵਿਭਾਗ ਦਾ ਵੀ ਪੂਰਾ ਸਹਿਯੋਗ ਲਿਆ ਗਿਆ ਹੈ। ਸੂਤਰਾਂ ਅਨੁਸਾਰ ਦੋਹਾਂ ਸੂਚੀਆਂ ਵਿਚਲੇ ਨਾਵਾਂ ਵਿਚ ਕੋਈ ਬਹੁਤਾ ਫਰਕ ਨਹੀਂ ਹੈ ਸਿਵਾਏ ਇਸ ਗੱਲ ਦੇ ਕਿ ਰਾਹੁਲ ਹਿਮਾਇਤੀਆਂ ਵਲੋਂ ਤਿਆਰ ਕੀਤੀ ਸੂਚੀ ਵਿਚ ਰਾਜਾ ਵੜਿੰਗ ਦਾ ਨਾਮ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ।
ਮੰਤਰੀ ਮੰਡਲ ਦੇ ਨਵੇਂ ਵਿਸਥਾਰ ਵਿਚ ਕਈਆਂ ਦੇ ਵਿਭਾਗ ਬਦਲੇ ਜਾਣ ਦੇ ਵੀ ਚਰਚੇ ਹਨ ਅਤੇ ਇਕ-ਦੋ ਜਣਿਆਂ ਦੀ ਛੁੱਟੀ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੂਤਰਾਂ ਨੇ ਦਸਿਆ ਹੈ ਕਿ ਮਾਝਾ, ਮਾਲਵਾ ਤੇ ਦੁਆਬਾ ਵਿਚੋਂ ਦੋ-ਦੋ ਵਜੀਰ ਬਣਾਏ ਜਾ ਰਹੇ ਹਨ ਅਤੇ ਇਸ ਸਬੰਧੀ ਹਾਈਕਮਾਂਡ ਨਾਲ ਇਕ ਮੀਟਿੰਗ ਵੀ ਹੋ ਚੁਕੀ ਹੈ। ਸੂਚੀਬੱਧ ਨਾਵਾਂ ਵਿਚੋਂ ਜੋ ਮੰਤਰੀ ਬਣਨ ਤੋਂ ਰਹਿ ਜਾਣਗੇ ਉਨ੍ਹਾਂ ਨੂੰ ਕਿਸੇ ਹੋਰ ਜਿੰਮਵਾਰੀ ਨਾਲ ਲੈਸ ਕੀਤਾ ਜਾਏਗਾ। ਸਭ ਤੋਂ ਅਹਿਮ ਮਾਲਵੇ ਦੀ ਲਿਸਟ ਵਿਚ ਪੰਜ ਵਾਰੀ ਵਿਧਾਇਕ ਬਣੇ ਅਮਰੀਕ ਸਿੰਘ ਢਿਲੋਂ ਦੇ ਨਾਲ ਰਾਣਾ ਗੁਰਜੀਤ ਸੋਢੀ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ ਅਤੇ ਦਰਸ਼ਨ ਸਿੰਘ ਬਰਾੜ ਦੇ ਨਾਮ ਸ਼ਾਮਲ ਹਨ ਜਦੋਂ ਕਿ ਮਾਝੇ ਵਿਚੋਂ ਰਾਜ ਕੁਮਾਰ ਵੇਰਕਾ, ਓਪੀ ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁੱਖ ਸਰਕਾਰੀਆ ਸ਼ਾਮਲ ਹਨ। ਸੂਤਰਾਂ ਅਨੁਸਾਰ ਦੁਆਬਾ ਜਿਥੋਂ ਕਦੇ ਚਾਰ-ਪੰਜ ਵਜੀਰ ਵੀ ਪੰਜਾਬ ਸਰਕਾਰ ਵਿਚ ਸ਼ਾਮਲ ਹੁੰਦੇ ਰਹੇ ਹਨ ਪਰ ਐਤਕੀਂ ਇਸ ਬੈਲਟ 'ਤੇ ਵੀ ਕਾਫੀ ਮੰਥਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟਾਂਡਾ ਹਲਕੇ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਜੇ ਵਜੀਰੀ ਲਈ ਚੁਣੇ ਗਏ ਤਾਂ ਜਲੰਧਰ ਕੈਂਟ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਕਿਸੇ ਹੋਰ ਤਰ੍ਹਾਂ ਐਡਜਸਟ ਕੀਤਾ ਜਾਏਗਾ। ਜੇ ਪ੍ਰਗਟ ਸਿੰਘ 'ਤੇ ਵਜੀਰੀ ਦਾ ਗੁਣਾ ਪੈਂਦਾ ਹੈ ਤਾਂ ਐਸਸੀ ਕੋਟੇ ਵਿਚੋਂ ਸ਼ਾਮ ਚੌਰਾਸੀ ਹਲਕੇ ਦੇ ਵਿਧਾਇਕ ਪਵਨ ਆਦੀਆ ਦਾ ਮੰਤਰੀ ਮੰਡਲ ਲਈ ਦਾਅ ਲੱਗ ਸਕਦਾ ਹੈ। ਪਰ ਜੇ ਵਿਧਾਇਕ ਗਿਲਜੀਆਂ ਮੰਤਰੀ ਬਣਦੇ ਹਨ ਤਾਂ ਐਸਸੀ ਕੋਟੇ ਵਿਚੋਂ ਕਰਤਾਰ ਪੁਰ ਦੇ ਸੁਰਿੰਦਰ ਸਿੰਘ ਚੌਧਰੀ ਜਾਂ ਜਲੰਧਰ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਦਾ ਨਾਮ ਵਜੀਰੀ ਲਈ ਅੱਗੇ ਆ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਦਾ ਵਿਸਥਾਰ ਇਸ ਮਹੀਨੇ ਦੇ ਮੁੱਕਣ ਤੋਂ ਪਹਿਲਾਂ ਹੋਂਦ ਵਿਚ ਲਿਆਂਦੇ ਜਾਣ ਦੀਆਂ ਤਿਆਰੀਆਂ ਲਗਪਗ ਮੁਕੰਮਲ ਹਨ ਜਿਸ ਲਈ 'ਰਫ-ਸ਼ੀਟਸ' ਤਿਆਰ ਹੋ ਚੁਕੀਆਂ ਹਨ ਅਤੇ ਬੱਜਟ ਸੈਸ਼ਨ ਤੋਂ ਪਹਿਲਾਂ-ਪਹਿਲਾਂ ਮੰਤਰੀ ਮੰਡਲ ਵਾਧੇ ਨੂੰ ਅਮਲੀ ਜਾਮਾ ਪਹਿਨਾਉਣਾ ਤੈਅ ਹੋ ਚੁਕਾ ਹੈ।