
ਧੁੰਮਾ ਦੇ ਤਿੰਨ ਕਰੀਬੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
ਚੰਡੀਗੜ੍ਹ, 30 ਜਨਵਰੀ (ਨੀਲ ਭਲਿੰਦਰ ਸਿੰਘ): ਸਿੱਖ ਪ੍ਰਚਾਰਕ ਪਰਮੇਸ਼ਰ ਦੁਆਰ ਦੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੀ ਗੱਡੀ 'ਤੇ ਲੁਧਿਆਣਾ ਜ਼ਿਲ੍ਹੇ 'ਚ ਹੋਏ ਜਾਨਲੇਵਾ ਮਾਮਲੇ 'ਚ ਹੇਠਲੀ ਅਦਾਲਤ ਨੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿਂੰਘ ਧੁੰਮਾ ਦੇ ਤਿੰਨ ਕਰੀਬੀਆਂ ਦੇ ਵਾਰੰਟ ਜਾਰੀ ਕਰ ਦਿਤੇ ਹਨ। ਜ਼ਿਕਰਯੋਗ ਹੈ ਕਿ ਭਾਈ ਢਡਰੀਆਂ ਵਾਲਿਆਂ ਦੀ ਗੱਡੀ 'ਤੇ 17 ਮਈ 2016 ਨੂੰ ਇਹ ਹਮਲਾ ਹੋ ਗਿਆ ਸੀ ਤੇ ਇਸ ਦੌਰਾਨ ਭਾਈ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਚਰਚਿਤ ਹਮਲੇ ਦੌਰਾਨ ਮਾਰੇ ਗਏ ਭਾਈ ਭੁਪਿੰਦਰ ਸਿੰਘ ਹਤਿਆ ਕੇਸ ਵਿਚ ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਜਸਬੀਰ ਸਿੰਘ ਕੰਗ ਦੀ ਅਦਾਲਤ ਵਲੋਂ ਮੰਗਲਵਾਰ ਨੂੰ ਬਾਬਾ ਧੁੰਮਾ ਦੇ ਤਿੰਨ ਕਰੀਬੀਆਂ ਜਸਪਾਲ ਸਿੰਘ ਸਿੱਧੂ, ਮੇਹਰ ਸਿੰਘ ਤੇ ਹਰਭਜਨ ਸਿੰਘ ਸੰਧੂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਹਾਲਾਂਕਿ ਬਾਬਾ ਧੁੰਮਾ ਦਾ ਨਾਮ ਵੀ ਉਕਤ ਹਤਿਆ ਕੇਸ ਦੇ ਦੋਸ਼ੀਆਂ ਦੀ ਸੂਚੀ ਵਿਚ ਸ਼ਾਮਲ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਵੀ ਕੀਤੀ ਗਈ। ਮੰਗ ਹਿਤ ਅਰਜ਼ੀ ਲੁਧਿਆਣਾ ਅਦਾਲਤ ਨੇ ਖ਼ਾਰਜ ਕਰ ਦਿਤੀ ਹੈ। ਅਦਾਲਤ 'ਚ ਪਹੁੰਚ ਕਰਨ ਵਾਲੇ ਭਾਈ ਢਡਰੀਆਂ ਵਾਲਿਆਂ ਦੇ ਵਾਰਦਾਤ ਵਾਲੇ ਦਿਨ ਦੇ ਡਰਾਈਵਰ
ਕੁਲਵਿੰਦਰ ਸਿੰਘ ਵਲੋਂ ਪੇਸ਼ ਹੋਏ ਹਾਈ ਕੋਰਟ ਦੇ ਵਕੀਲਾਂ ਜੀ ਐਸ ਘੁੰਮਣ ਤੇ ਜੀ ਪੀ ਐਸ ਘੁੰਮਣ ਦੇ ਦਸਣ ਮੁਤਾਬਕ ਬਾਬਾ ਧੂੰਮਾ ਸਬੰਧੀ ਖ਼ਾਰਜ ਹੋਈ ਅਰਜ਼ੀ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਜਾਵੇਗੀ। ਦਰਅਸਲ, ਪੁਲਿਸ ਨੇ ਉਕਤ ਕਤਲ ਕੇਸ ਵਿਚ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ 9 ਅਗੱਸਤ 2016 ਨੂੰ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕਰਦਿਆਂ ਕਿਹਾ ਸੀ ਕਿ ਜੇਕਰ ਜਾਂਚ ਦੌਰਾਨ ਬਾਬਾ ਹਰਨਾਮ ਸਿੰਘ ਧੂੰਮਾ, ਜਸਪਾਲ ਸਿੰਘ ਸਿੱਧੂ, ਮੇਹਰ ਸਿੰਘ ਅਤੇ ਹਰਭਜਨ ਸਿੰਘ ਸੰਧੂ ਵਿਰੁਧ ਕੋਈ ਤੱਥ ਸਾਹਮਣੇ ਆਇਆ ਤਾਂ ਉਨ੍ਹਾਂ ਵਿਰੁਧ ਬਾਅਦ ਵਿਚ ਸਪਲੀਮੈਂਟਰੀ ਦੋਸ਼ ਪੱਤਰ ਦਾਖ਼ਲ ਕਰ ਦਿਤੇ ਜਾਣਗੇ ਪਰ ਅਜਿਹਾ ਨਾ ਹੋਣ 'ਤੇ ਕੁਲਵਿੰਦਰ ਸਿੰਘ ਨੇ ਹਾਈ ਕੋਰਟ ਪਹੁੰਚ ਕੀਤੀ ਸੀ ਤੇ ਜਸਟਿਸ ਐਮਐਮਐਸ ਬੇਦੀ ਦੀ ਬੈਂਚ ਨੇ ਪਟੀਸ਼ਨਰ ਨੂੰ ਲੁਧਿਆਣਾ ਅਦਾਲਤ ਵਿਚ ਅਰਜ਼ੀ ਦਾਖ਼ਲ ਕਰਨ ਦੀ ਹਦਾਇਤ ਕੀਤੀ ਸੀ। ਇਸੇ 'ਤੇ ਕੁਲਵਿੰਦਰ ਸਿੰਘ ਨੇ ਬਾਬਾ ਧੂੰਮਾ ਤੇ ਉਕਤ ਤਿੰਨਾਂ ਨੂੰ ਮੁਲਜ਼ਮ ਵਜੋਂ ਸ਼ਾਮਲ ਕਰਨ ਦੀ ਮੰਗ ਕੀਤੀ ਸੀ ਤੇ ਮੰਗਲਵਾਰ ਨੂੰ ਲੁਧਿਆਣਾ ਅਦਾਲਤ ਨੇ ਤਿੰਨਾਂ ਨੂੰ ਸੰਮਨ ਕਰਦਿਆਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿਤੇ ਹਨ।