ਜ਼ਿਲ੍ਹਾ ਮੋਹਾਲੀ ਦੇ ਪਿੰਡ ਨਗਰ ਅਭਿਰਾਬਾ ਦੇ ਗੁਰਦੁਆਰਾ ਸਾਹਿਬ ਵਿਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇਕ ਚੋਰ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਉਸ ਵਿਚੋਂ ਕਰੀਬ 50 ਹਜ਼ਾਰ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਿਆ। ਇਹ ਸਾਰੀ ਵਰਾਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਸੀਸੀਟੀਵੀ ਫੁਟੇਜ ਮੁਤਾਬਕ ਇਹ ਚੋਰ ਰਾਤ ਨੂੰ 2 ਵਜ ਕੇ 40 ਮਿੰਟ 'ਤੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਇਆ ਅਤੇ 2 ਵਜ ਕੇ 50 ਮਿੰਟ 'ਤੇ ਯਾਨੀ 10 ਮਿੰਟਾਂ ਵਿਚ ਹੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਰਫ਼ੂ ਚੱਕਰ ਹੋ ਗਿਆ। ਚੋਰੀ ਦੌਰਾਨ ਉਸ ਗੁਰਦੁਆਰਾ ਸਾਹਿਬ ਅੰਦਰ ਵੀ ਜੁੱਤੇ ਪਹਿਨੇ ਹੋਏ ਸਨ।
ਪਿੰਡ ਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਹਰ ਮਹੀਨੇ ਦੀ ਸੰਗਰਾਂਦ ਨੂੰ ਗੋਲਕ ਖੋਲ੍ਹੀ ਜਾਂਦੀ ਹੈ, ਜਿਸ ਵਿਚੋਂ ਲਗਭਗ 50 ਹਜ਼ਾਰ ਦਾ ਚੜ੍ਹਾਵਾ ਨਿਕਲਦਾ ਹੈ। ਪਰ ਇਸ ਵਾਰ ਗੋਲਕ ਖੁੱਲ੍ਹਣ ਤੋਂ ਪਹਿਲਾਂ ਹੀ ਚੋਰ ਨੇ ਇਸ 'ਤੇ ਆਪਣਾ ਹੱਥ ਸਾਫ਼ ਕਰ ਦਿੱਤਾ।