
ਧੂਰੀ: ਧੂਰੀ ਅਧੀਨ ਪੈਂਦੇ ਪਿੰਡ ਮਾਨਵਾਲਾ ਦੇ ਗੁਰੂ ਘਰ ਵਿਖੇ ਬਜ਼ੁਰਗ ਮਹਿਲਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਤੋਂ ਰੋਕਣ ਦੇ ਮਾਮਲੇ 'ਤੇ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਿੰਡ ਮਾਨਵਾਲਾ ਵਿਖੇ ਪੀੜਤ ਪਰਵਾਰ ਦੇ ਮੈਂਬਰਾਂ ਨੂੰ ਮਿਲੇ ਅਤੇ ਮਾਮਲੇ ਦੀ ਸਾਰੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਪੀੜਤ ਪਰਵਾਰ ਦੀ ਰਣਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਭਾਈ ਲੌਂਗੋਵਾਲ ਨੂੰ ਦਸਿਆ ਕਿ ਉਹ ਅਤਿ ਗ਼ਰੀਬ ਤੇ ਦਲਿਤ ਪਰਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਾਤਾ ਮਹਿੰਦਰ ਕੌਰ ਦੀ ਮੌਤ ਹੋਣ ਉਪਰੰਤ ਪਿੰਡ ਦੇ ਗੁਰੂ ਘਰ ਵਿਖੇ ਭੋਗ ਪਾਉਣ ਸਬੰਧੀ ਰਿਸ਼ਤੇਦਾਰਾਂ ਵਲੋਂ ਦਿਤੀ ਸਲਾਹ ਉਪਰੰਤ ਉਹ ਗੁਰੂ ਘਰ ਵਿਖੇ ਪਾਠ ਦੇ ਭੋਗ ਤੇ ਅੰਤਮ ਅਰਦਾਸ ਲਈ ਗੁਰੂ ਘਰ ਪੁੱਜੇ ਤਾਂ ਪ੍ਰਬੰਧਕੀ ਕਮੇਟੀ ਦੇ ਕੁੱਝ ਆਗੂਆਂ ਵਲੋਂ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਚ ਭੋਗ ਪਾਉਣ ਅਤੇ ਬਰਤਨ ਦੇਣ ਤੋਂ ਮਨਾਹੀ ਕਰ ਦਿਤੀ ਗਈ ਜਿਸ ਕਾਰਨ ਪਰਵਾਰ ਅਤੇ ਦਲਿਤ ਸਮਾਜ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਭਾਈ ਲੌਂਗੋਵਾਲ ਤੋਂ ਇਸ ਮਾਮਲੇ 'ਚ ਇਨਸਾਫ਼ ਦੀ ਮੰਗ ਕੀਤੀ। ਉਪਰੰਤ ਭਾਈ ਲੌਂਗੋਵਾਲ ਨੇ ਪੀੜਤ ਪਰਵਾਰ ਨੂੰ ਉਚ ਪਧਰੀ ਜਾਂਚ ਦਾ ਭਰੋਸਾ ਕਰਨ ਉਪਰੰਤ ਪੂਰਨ ਇਨਸਾਫ਼ ਮਿਲਣ ਦਾ ਭਰੋਸਾ ਦਿਵਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਮਾਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਸਾਰੇ ਗੁਰੂ ਘਰ ਸਾਰੀਆਂ ਜਾਤਾਂ ਦੇ ਸਾਂਝੇ ਹਨ ਅਤੇ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਦੋਸ਼ੀ ਪਾਏ ਗਏ ਵਿਅਕਤੀਆਂ ਵਿਰੁਧ ਗੁਰੂ ਮਰਿਆਦਾ ਅਨੁਸਾਰ ਕਾਰਵਾਈ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਲਿਖਤ ਸਿਫ਼ਾਰਸ਼ ਕਰਨਗੇ। ਇਸ ਮੌਕੇ ਹਰੀ ਸਿੰਘ ਹਲਕਾ ਇੰਚਾਰਜ ਸ਼ਰੋਮਣੀ ਅਕਾਲੀ ਦਲ ਧੂਰੀ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਸਰਪੰਚ ਕਰਮਜੀਤ ਸਿੰਘ ਆਦਿ ਹਾਜ਼ਰ ਸਨ।