
ਖੰਨਾ: ਪੰਜਾਬ ਦੇ ਟਾਰਗੇਟ ਕਿਲਿੰਗ ਮਾਮਲਿਆਂ ਵਿੱਚ ਮੁੱਖ ਮੁਲਜ਼ਮ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਤੇ ਉਸ ਦੇ ਸਾਥੀ ਤਲਜੀਤ ਸਿੰਘ ਜਿੰਮੀ ਨੂੰ ਪੁਲਿਸ ਨੇ ਅੱਜ ਪਾਇਲ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ। ਇੱਥੋਂ ਦੇ ਥਾਣਾ ਮਲੌਦ ਅਧੀਨ ਪੈਂਦੇ ਜਗੇਡ਼ਾ ਪਿੰਡ ਦੇ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਵਿੱਚ ਕੰਟੀਨ ਚਲਾਉਂਦੇ ਪਿਉ-ਪੁੱਤ ਦਾ 25 ਫਰਵਰੀ 2017 ਨੂੰ ਕਤਲ ਹੋ ਗਿਆ ਸੀ। ਪੁਲਿਸ ਨੇ ਇਸੇ ਮਾਮਲੇ ਵਿੱਚ ਸ਼ੇਰਾ ਤੇ ਜਿੰਮੀ ਦਾ ਰਿਮਾਂਡ ਹਾਸਲ ਕੀਤਾ ਹੈ।
ਇਸ ਕਤਲ ਮਾਮਲੇ ਦੇ ਤਾਰ ਵੀ ਸ਼ੇਰਾ ਤੇ ਉਸ ਦੇ ਸਾਥੀਆਂ ਨਾਲ ਜੁਡ਼ੇ ਸਨ, ਜਿਸ ਕਾਰਨ ਜਿੰਮੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ 7 ਦਸੰਬਰ ਨੂੰ ਪਾਇਲ ਅਦਾਲਤ ਤੋਂ 3 ਦਿਨਾ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਮੁਡ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਸ ਸਮੇਂ ਪਾਇਲ ਦੇ ਡੀ.ਐਸ.ਪੀ. ਰਛਪਾਲ ਸਿੰਘ ਢੀਂਗਰਾ ਨੇ ਦੱਸਿਆ ਕਿ ਪੁਲਿਸ ਨੂੰ ਇਸ ਹੱਤਿਆ ਕਾਂਡ ਨਾਲ ਜੁਡ਼ੇ ਅਹਿਮ ਸੁਰਾਗ ਲੱਭਣ ਲਈ ਦੋਵਾਂ ਦਾ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁੱਛ-ਗਿੱਛ ਦੌਰਾਨ ਮੁਲਜ਼ਮਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ। ਪੁਲਿਸ ਅਧਿਕਾਰੀ ਨੇ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਇਹ ਕਹਿ ਕੇ ਚਲੇ ਗਏ ਕਿ ਹੋਰ ਜਾਣਕਾਰੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੈ।