ਡੇਰਾ ਸਿਰਸਾ ਦੇ ਕਰਤਾ-ਧਰਤਾ ਰਹੇ ਖੱਟਾ ਸਿੰਘ 'ਡਰਾਈਵਰ' ਨਾਲ ਖ਼ਾਸ ਮੁਲਾਕਾਤ ਜਿਵੇਂ 'ਸਪੋਕਸਮੈਨ' ਨੇ ਸਚਾਈ ਲਿਖੀ, ਸ਼ਾਇਦ ਹੀ ਕੋਈ ਲਿਖ ਸਕੇ
Published : Aug 28, 2017, 10:59 pm IST
Updated : Aug 28, 2017, 5:30 pm IST
SHARE ARTICLE



g ਤੁਸੀਂ ਡੇਰੇ ਨਾਲ ਕਦੋਂ ਜੁੜੇ?
ਜਵਾਬ : ਜਦ ਸ਼ਾਹ ਮਸਤਾਨਾ ਜੀ ਡੇਰੇ ਦੇ ਮੁਖੀ ਸਨ, ਸਾਡਾ ਪਰਵਾਰ ਉਦੋਂ ਤੋਂ ਹੀ ਡੇਰੇ ਨਾਲ ਜੁੜਿਆ ਹੋਇਆ ਸੀ। ਸ਼ਾਹ ਮਸਤਾਨਾ ਫ਼ਕੀਰ ਕਿਸਮ ਦੇ ਇਨਸਾਨ ਸਨ। ਉਨ੍ਹਾਂ ਦੀ ਸੰਤਗਿਰੀ ਸਦਕਾ ਹੀ ਏਨੀ ਸੰਗਤ ਡੇਰੇ ਨਾਲ ਜੁੜੀ। ਫਿਰ 23 ਸਤੰਬਰ 1990 ਨੂੰ ਸੌਦਾ ਸਾਧ ਨੂੰ ਡੇਰੇ ਦੀ ਕਮਾਨ ਸੰਭਾਲ ਦਿਤੀ ਗਈ। ਸੱਭ ਜਾਣਦੇ ਹਨ ਕਿ ਕਿਵੇਂ ਸ਼ਾਹ ਮਸਤਾਨਾ ਜੀ ਨੂੰ ਡਰਾ-ਧਮਕਾਅ ਕੇ ਸੌਦਾ ਸਾਧ ਨੂੰ ਡੇਰੇ ਦਾ ਮੁਖੀ ਬਣਾਇਆ ਗਿਆ।
g ਤੁਸੀਂ ਡੇਰੇ 'ਚ ਕੀ ਕੰਮ ਕਰਦੇ ਸੀ?
ਜਵਾਬ : ਮੈਂ ਇਕ ਤਰ੍ਹਾਂ ਨਾਲ ਡੇਰੇ ਦਾ ਕਰਤਾ-ਧਰਤਾ ਸੀ। ਮੈਨੂੰ ਬੇਸ਼ੱਕ ਸੌਦਾ ਸਾਧ ਦਾ ਡਰਾਈਵਰ ਕਿਹਾ ਜਾਂਦਾ ਹੈ ਪਰ ਮੈਂ ਉਸ ਦਾ ਡਰਾਈਵਰ ਨਹੀਂ ਸੀ। ਮੈਂ ਉਨ੍ਹਾਂ ਪੰਜ ਬੰਦਿਆਂ ਵਿਚੋਂ ਸੀ ਜਿਹੜੇ ਸੌਦਾ ਸਾਧ ਦੇ ਸੱਭ ਤੋਂ ਨੇੜੇ ਸਨ। ਉਹ ਮੇਰੇ ਉਤੇ ਸੱਭ ਤੋਂ ਵੱਧ ਵਿਸ਼ਵਾਸ ਕਰਦਾ ਸੀ। ਜਦ ਉਸ ਨੂੰ ਕਿਸੇ ਤਰ੍ਹਾਂ ਦਾ ਡਰ ਹੁੰਦਾ ਸੀ ਤਾਂ ਉਹ ਮੈਨੂੰ ਗੱਡੀ ਚਲਾਉਣ ਲਈ ਕਹਿ ਦਿੰਦਾ ਸੀ ਪਰ ਮੈਂ ਹਮੇਸ਼ਾ ਗੱਡੀ ਨਹੀਂ ਚਲਾਉਂਦਾ ਸੀ। ਮੇਰੇ ਕੋਲ ਹੋਰ ਬਹੁਤ ਕੰਮ ਸਨ ਜਿਵੇਂ ਸਕੂਲਾਂ ਦੀ ਦੇਖਰੇਖ ਦਾ ਕੰਮ, ਰਾਸ਼ਨ ਪਾਣੀ, ਗੱਡੀਆਂ ਦਾ ਇੰਤਜ਼ਾਮ ਆਦਿ। ਮੈਂ ਇਕ ਤਰ੍ਹਾ ਨਾਲ ਮੈਨੇਜਰ ਦਾ ਕੰਮ ਕਰਦਾ ਸੀ।
g ਅੱਜ ਜਦ ਸੌਦਾ ਸਾਧ ਨੂੰ ਸਜ਼ਾ ਹੋ ਗਈ ਹੈ ਤਾਂ ਤੁਹਾਨੂੰ ਕਿਵੇਂ ਲੱਗ ਰਿਹਾ ਹੈ?
ਜਵਾਬ : ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਜਿਹੜੀਆਂ ਗੱਲਾਂ ਮੈਂ 10 ਸਾਲ ਪਹਿਲਾਂ ਕਹੀਆਂ ਸਨ, ਉਨ੍ਹਾਂ ਦਾ ਮੁਲ ਅੱਜ ਪਿਆ ਹੈ। ਮੈਂ ਸੀਬੀਆਈ ਅਤੇ ਸੀਬੀਆਈ ਅਦਾਲਤ ਦੇ ਜੱਜ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਨਿਰਪੱਖਤਾ ਨਾਲ ਜਾਂਚ ਕੀਤੀ ਅਤੇ ਜੱਜ ਨੇ ਬਹੁਤ ਹੀ ਦਲੇਰੀ ਨਾਲ ਸਹੀ ਫ਼ੈਸਲਾ ਸੁਣਾਇਆ। ਆਖ਼ਰਕਾਰ ਸੱਚ ਦੀ ਜਿੱਤ ਹੁੰਦੀ ਹੈ।
g ਡੇਰੇ ਅੰਦਰ ਕੀ ਕੁੱਝ ਗ਼ਲਤ ਹੁੰਦਾ ਸੀ?
ਜਵਾਬ : ਡੇਰੇ ਅੰਦਰ ਦੁਨੀਆਂ ਭਰ ਦੇ ਗ਼ਲਤ ਕੰਮ ਹੁੰਦੇ ਸਨ। ਕੁੜੀਆਂ ਨੂੰ ਪਿੰਡਾਂ ਵਿਚੋਂ ਸਾਧਵੀਆਂ ਬਣਾ ਕੇ ਲਿਆਂਦਾ ਜਾਂਦਾ ਸੀ ਤੇ ਹਰ ਰਾਤ ਨੂੰ ਕੁੜੀਆਂ ਨੂੰ ਗੁਫ਼ਾ ਵਿਚ ਭੇਜਿਆ ਜਾਂਦਾ ਸੀ। ਗੁਫ਼ਾ ਵਿਚੋਂ ਕੁੜੀਆਂ ਦੇ ਚੀਕਣ ਦੀਆਂ ਆਵਾਜ਼ਾਂ ਵੀ ਆਉਂਦੀਆਂ ਸਨ। ਰਾਤ ਸਮੇਂ ਡਾਕਟਰ ਆਪਰੇਸ਼ਨ ਕਰ ਕੇ ਸਾਧੂਆਂ ਨੂੰ ਨਪੁੰਸਕ ਬਣਾਉਂਦੇ ਸਨ। ਕਰੀਬ 400 ਸਾਧੂਆਂ ਨੂੰ ਨਪੁਸੰਕ ਬਣਾਇਆ ਗਿਆ। ਜਿਹੜੀ ਕੁੜੀ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕਰਦੀ ਸੀ, ਉਸ ਨੂੰ ਧਮਕੀਆਂ ਦਿਤੀਆਂ ਜਾਂਦੀਆਂ ਸਨ।
g ਤੁਸੀਂ ਡੇਰੇ ਦੇ ਕਰਤਾ ਧਰਤਾ ਸੀ। ਤੁਹਾਨੂੰ ਇਸ ਸੱਭ ਕੁੱਝ ਬਾਰੇ ਕਦੋਂ ਪਤਾ ਲੱਗਾ ਤੇ ਤੁਸੀਂ ਆਵਾਜ਼ ਕਿਉਂ ਨਾ ਚੁੱਕੀ?
ਜਵਾਬ : ਪਹਿਲਾਂ ਪਹਿਲ ਤਾਂ ਸੌਦਾ ਸਾਧ ਨੇ ਕਿਸੇ ਨੂੰ ਭਿਣਕ ਨਹੀਂ ਪੈਣ ਦਿਤੀ। ਉਂਜ ਇਹ ਸਿਲਸਿਲਾ ਉਸ ਦੇ ਗੱਦੀ ਸੰਭਾਲਣ ਸਮੇਂ ਤੋਂ ਹੀ ਚੱਲ ਪਿਆ ਸੀ। ਪਹਿਲਾਂ ਉਹ ਡੇਰੇ 'ਚ ਪੱਕੇ ਤੌਰ 'ਤੇ ਨਹੀਂ ਰਹਿੰਦਾ ਸੀ। ਜਦ ਪੱਕੇ ਤੌਰ 'ਤੇ ਰਹਿਣ ਲੱਗ ਪਿਆ ਤਾਂ ਇਹ ਸਿਲਸਿਲਾ ਤੇਜ਼ ਹੋ ਗਿਆ। ਮੈਨੂੰ 2005 ਵਿਚ ਸ਼ੱਕ ਹੋਇਆ ਪਰ ਪੱਕਾ ਸਬੂਤ ਨਹੀਂ ਸੀ। ਗੁਫ਼ਾ ਹੇਠਾਂ ਗੈਰਾਜ ਬਣਿਆ ਹੋਇਆ ਸੀ ਤੇ ਉਹ ਗੈਰਾਜ ਵਿਚ ਕਿਸੇ ਨੂੰ ਸੌਣ ਨਹੀਂ ਦਿੰਦਾ ਸੀ। ਬਾਕੀ, ਉਸ ਦੇ ਡਰ ਕਾਰਨ ਪਹਿਲਾਂ ਮੈਂ ਕੁੱਝ ਬੋਲ ਨਾ ਸਕਿਆ ਤੇ ਬਾਅਦ ਵਿਚ ਸਰਕਾਰਾਂ ਅਤੇ ਅਦਾਲਤਾਂ ਵਲੋਂ ਸੁਰੱਖਿਆ ਆਦਿ ਮਿਲਣ ਕਾਰਨ ਮੈਂ ਸਾਰਾ ਕੁੱਝ ਦਸਿਆ।
g ਕੁੜੀਆਂ ਦੇ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦੀਆਂ ਕੁੜੀਆਂ ਨਾਲ ਸਾਧ ਖੇਹ ਖਾਂਦਾ ਹੈ?
ਜਵਾਬ : ਕੁੜੀਆਂ ਦੇ ਮਾਪਿਆਂ ਨੂੰ ਸੌਦਾ ਸਾਧ ਪ੍ਰਤੀ ਅਥਾਹ ਸ਼ਰਧਾ ਸੀ। ਇਕ ਵਾਰ ਕਿਸੇ ਕੁੜੀ ਨੂੰ ਰਾਤ ਨੂੰ ਗੁਫ਼ਾ ਵਿਚ ਬੁਲਾਇਆ ਗਿਆ। ਜਦ ਉਹ ਗੁਫ਼ਾ ਅੰਦਰ ਗਈ ਤਾਂ ਸੌਦਾ ਸਾਧ ਨੇ ਉਸ ਦੀ ਬਾਂਹ ਫੜ ਲਈ। ਉਹ ਬਾਂਹ ਛੁਡਾ ਕੇ ਦੌੜ ਗਈ ਤੇ ਕੰਧ ਟੱਪ ਕੇ  ਬਾਹਰ ਨਿਕਲ ਗਈ ਤੇ ਘਰ ਪਹੁੰਚ ਗਈ। ਉਸ ਨੇ ਅਪਣੇ ਘਰ ਵਾਲਿਆਂ ਨੂੰ ਬਾਬੇ ਦੀ ਕਰਤੂਤ ਬਾਰੇ ਦਸਿਆ ਪਰ ਉਸ ਦੇ ਮਾਪੇ ਕੁੜੀ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸਨ। ਉਹ ਖ਼ੁਦ ਦੂਜੇ ਦਿਨ ਕੁੜੀ ਨੂੰ ਦੁਬਾਰਾ ਡੇਰੇ ਅੰਦਰ ਛੱਡ ਕੇ ਗਏ। ਲੋਕਾਂ ਦੀ ਉਸ ਪ੍ਰਤੀ ਏਨੀ ਸ਼ਰਧਾ ਸੀ ਜਿਸ ਦਾ ਉਹ ਨਾਜਾਇਜ਼ ਲਾਭ ਲੈਂਦਾ ਸੀ ਤੇ ਖੁਲ੍ਹ ਖੇਡਦਾ ਸੀ।
g ਸੌਦਾ ਸਾਧ ਉਤੇ ਪੱਤਰਕਾਰ ਰਾਮਚੰਦਰ ਛੱਤਰਪਤੀ, ਮੈਨੇਜਰ ਰਣਜੀਤ ਸਿੰਘ ਤੇ ਹੋਰਾਂ ਦੇ ਕਤਲ ਦਾ ਵੀ ਦੋਸ਼ ਹੈ।
ਜਵਾਬ : ਨਿਰਸੰਦੇਹ ਉਹ ਕਤਲ ਕਰਨ ਦੇ ਹੁਕਮ ਦਿੰਦਾ ਹੁੰਦਾ ਸੀ। ਜਿਹੜਾ ਬੰਦਾ ਉਸ ਵਿਰੁਧ ਮੂੰਹ ਖੋਲ੍ਹਦਾ ਸੀ ਜਾਂ ਜਿਹੜਾ ਬੰਦਾ ਉਸ ਨੂੰ ਅਪਣਾ ਵਿਰੋਧੀ ਲਗਦਾ ਸੀ, ਉਸ ਦਾ ਕਤਲ ਕਰਵਾ ਦਿਤਾ ਜਾਂਦਾ ਸੀ। ਧਰਮਾ ਨਾਮ ਦਾ ਬੰਦਾ ਇਹ ਕੰਮ ਕਰਦਾ ਸੀ। ਜਦ ਵੀ ਕਿਸੇ ਦਾ ਕਤਲ ਕਰਵਾਉਣਾ ਹੁੰਦਾ ਸੀ ਤਾਂ ਧਰਮੇ ਨੂੰ ਬੁਲਾਇਆ ਜਾਂਦਾ ਸੀ ਤੇ ਸੌਦਾ ਸਾਧ ਉਸ ਨੂੰ ਹੱਥ ਵਿਚ 'ਪ੍ਰਸਾਦ' ਦੇ ਕੇ ਤੋਰਦਾ ਹੋਇਆ ਕਹਿੰਦਾ ਸੀ, 'ਤੁਸੀਂ ਬਹਾਦਰ ਹੋ, ਜਾਉ ਆਹ ਕੰਮ ਕਰ ਕੇ ਆਉ।' ਉਸ ਨੇ ਛੱਤਰਪਤੀ ਦੇ ਕਤਲ ਲਈ ਬਾਕਾਇਦਾ ਡਿਊਟੀ ਲਾਈ ਸੀ ਅਤੇ ਕਤਲ ਕਰਨ ਲਈ ਬੰਦਿਆਂ ਨੂੰ ਭੇਜਿਆ ਸੀ। ਮੈਂ ਖ਼ੁਦ ਡੇਰੇ ਅੰਦਰ ਕਤਲ ਦੇ ਹੁਕਮ ਹੁੰਦੇ ਵੇਖੇ ਹਨ।
ੂg ਲੋਕ ਸੌਦਾ ਸਾਧ 'ਤੇ ਅੰਨ੍ਹਾ ਵਿਸ਼ਵਾਸ ਕਿਉਂ ਕਰਦੇ ਹਨ?
ਜਵਾਬ : ਸੌਦਾ ਸਾਧ ਲੋਕਾਂ ਨੂੰ ਮੂਰਖ ਬਣਾਉਂਦਾ ਸੀ। ਉਹ ਪ੍ਰੇਮੀਆਂ ਤੋਂ ਹੀ ਪੈਸੇ ਲੈ ਕੇ ਕੋਠੀਆਂ ਬਣਾ ਲੈਂਦਾ ਸੀ ਅਤੇ ਚਾਬੀਆਂ ਆਪ ਫੜਾ ਦਿੰਦਾ ਸੀ, ਜਿਸ ਕਾਰਨ ਲੋਕਾਂ ਨੂੰ ਉਸ 'ਤੇ ਅੰਨ੍ਹਾ ਵਿਸ਼ਵਾਸ ਸੀ।
ੂg ਸੌਦਾ ਸਾਧ ਅਪਣੇ ਆਪ ਨੂੰ ਸਮਾਜਸੇਵੀ ਆਖਦਾ ਹੈ, ਸੱਚ ਕੀ ਹੈ?
ਜਵਾਬ : ਇਹ ਸੱਭ ਪਖੰਡ ਹੈ। ਦੁਨੀਆਂ ਨੂੰ ਵਿਖਾਉਣ ਲਈ ਸਮਾਜ ਸੇਵਾ ਹੈ ਪਰ ਸੱਭ ਕੁੱਝ ਸੰਗਤ ਤੋਂ ਲੈ ਕੇ ਉਸ ਦਾ ਛੋਟਾ ਜਿਹਾ ਹਿੱਸਾ ਵੰਡਣਾ ਸਮਾਜ ਸੇਵਾ ਹੁੰਦੀ ਹੈ? ਜੇ ਕਿਤੇ ਭੂਚਾਲ ਆ ਜਾਂਦਾ ਤਾਂ ਉਹ ਸੰਗਤ ਨੂੰ ਸੇਵਾ ਕਰਨ ਲਈ ਕਹਿੰਦਾ। ਸੰਗਤ ਕਈ ਕਈ ਟਰੱਕ ਰਾਸ਼ਨ ਪਾਣੀ, ਕਪੜੇ ਆਦਿ ਦੇ ਕੇ ਜਾਂਦੀ ਤੇ ਉਹ ਦੋ ਤਿੰਨ ਟਰੱਕ ਲੋਕਾਂ ਵਿਚ ਵੰਡ ਦਿੰਦਾ ਤੇ ਢੰਡੋਰਾ ਪਿਟਿਆ ਜਾਂਦਾ ਕਿ ਬਾਬਾ ਸਮਾਜ ਸੇਵਾ ਕਰ ਰਿਹਾ ਹੈ ਅਤੇ ਬਾਕੀ ਸਾਰਾ ਵੇਚ ਕੇ ਖ਼ੁਦ ਖਾ ਜਾਂਦਾ ਸੀ। ਹਰ ਚੀਜ ਵਿਚ ਘਪਲਾ ਹੀ ਘਪਲਾ ਹੈ।
g ਤੁਸੀਂ ਡੇਰੇ ਵਿਚ ਹੀ ਰਹਿੰਦੇ ਸੀ ਤੇ ਤੁਸੀਂ ਡੇਰਾ ਕਦੋਂ ਛਡਿਆ?
ਜਵਾਬ : ਮੈਂ ਪਰਵਾਰ ਸਮੇਤ ਡੇਰੇ ਅੰਦਰ ਹੀ 2 ਨੰਬਰ ਕੋਠੀ ਵਿਚ ਰਹਿੰਦਾ ਸੀ। ਡੇਰੇ ਅੰਦਰ ਹੀ ਹੋਰ ਸੇਵਾਦਾਰ ਵੀ ਰਹਿੰਦੇ ਸਨ। ਸੌਦਾ ਸਾਧ ਨੂੰ ਸ਼ੱਕ ਹੋ ਗਿਆ ਸੀ ਕਿ ਮੈਨੂੰ ਸੱਭ ਕੁੱਝ ਪਤਾ ਲੱਗ ਗਿਆ ਹੈ। ਉਸ ਨੂੰ ਕਿਸੇ ਹੋਰ ਰਾਹੀਂ ਇਹ ਪਤਾ ਲੱਗ ਗਿਆ ਸੀ ਕਿ ਖੱਟਾ ਸਿੰਘ ਸੱਭ ਕੁੱਝ ਜਾਣਦਾ ਹੈ। ਜਦ ਮੈਨੂੰ ਅਪਣੀ ਜਾਨ ਦਾ ਖ਼ਤਰਾ ਹੋ ਗਿਆ ਤਾਂ ਮੈਂ ਡੇਰਾ ਛੱਡ ਦਿਤਾ।
g ਤੁਸੀਂ ਡੇਰੇ ਨੂੰ ਅਪਣੀ ਜ਼ਮੀਨ ਵੀ ਦਿਤੀ ਸੀ?
ਜਵਾਬ : ਜੀ ਬਿਲਕੁਲ, ਸਾਡੀ 30-35 ਏਕੜ ਜ਼ਮੀਨ ਸੀ ਜਿਹੜੀ ਉਸ ਨੇ ਕੌਡੀਆਂ ਦੇ ਭਾਅ ਲੈ ਲਈ। ਇਕ ਇਕ ਕਿੱਲਾ ਲੱਖਾਂ ਰੁਪਏ ਦਾ ਸੀ ਤੇ ਉਸ ਨੇ ਸਾਨੂੰ ਮਹਿਜ਼ ਪੰਜ-ਸੱਤ ਲੱਖ ਰੁਪਏ ਦਿਤੇ। ਉਸ ਨੇ ਸਾਡੀ ਜ਼ਮੀਨ ਤੇ ਕੋਠੀ ਵੀ ਹਥਿਆ ਲਈ। ਜਿਹੜੀ ਮੇਰੇ ਕੋਲ ਬਾਹਰ ਜ਼ਮੀਨ ਸੀ, ਉਹ ਵਿਕਣ ਨਾ ਦਿਤੀ। ਮੈਂ ਉਥੇ ਹੀ ਰੈਸਟੋਰੈਂਟ ਵਿਚ ਹਿੱਸਾ ਪਾਇਆ ਸੀ ਤੇ 30-35 ਲੱਖ ਰੁਪਇਆ ਦਿਤਾ ਸੀ ਪਰ ਮੈਨੂੰ ਉਸ ਰੈਸਟੋਰੈਂਟ ਵਿਚੋਂ ਸੌਦਾ ਸਾਧ ਨੇ ਕਦੇ ਵੀ ਆਮਦਨ ਦਾ ਧੇਲਾ ਨਹੀਂ ਦਿਤਾ। ਰੋਜ਼ਾਨਾ ਸਪੋਕਸਮੈਨ ਲਗਭਗ 100 ਕਰੋੜ ਕੀਮਤ ਵਾਲੀ ਇਹ ਜ਼ਮੀਨ ਛੁਡਵਾਉਣ 'ਚ ਸਾਡੀ ਮਦਦ ਕਰੇਗਾ।
g ਕਿਹਾ ਜਾ ਰਿਹਾ ਹੈ ਕਿ ਉਸ ਦੀ ਅਖੌਤੀ ਧੀ ਹਨੀਪ੍ਰੀਤ ਹੁਣ ਡੇਰੇ ਦੀ ਕਮਾਨ ਸੰਭਾਲੇਗੀ?
ਜਵਾਬ : ਹਨੀਪ੍ਰੀਤ ਉਸ ਦੀ ਧੀ ਨਹੀਂ ਸਗੋਂ ਪਤਨੀ ਸੀ। ਉਸ ਨੇ ਵਿਖਾਵੇ ਲਈ ਉਸ ਨੂੰ ਧੀ ਬਣਾਇਆ ਹੋਇਆ ਸੀ। ਜਿਹੜੀ ਅਪਣਾ ਘਰ ਨਹੀਂ ਵਸਾ ਸਕੀ, ਉਹ ਡੇਰੇ ਨੂੰ ਕੀ ਸੰਭਾਲੇਗੀ?
g ਤੁਸੀਂ ਜੋ ਕਿਹਾ ਸੀ, ਉਹ ਸੱਚ ਸਾਬਤ ਹੋ ਗਿਆ ਹੈ। ਸੌਦਾ ਸਾਧ ਨੂੰ ਸਜ਼ਾ ਹੋ ਗਈ ਹੈ। ਹੁਣ ਤੁਸੀਂ ਕੀ ਚਾਹੁੰਦੇ ਹੋ?
ਜਵਾਬ : ਮੈਂ ਚਾਹੁੰਦਾ ਹਾਂ ਕਿ ਮੇਰੀ ਜ਼ਿੰਦਗੀ ਸਹੀ ਚੱਲੇ। ਮੇਰੀ ਜਾਨ ਨੂੰ ਖ਼ਤਰਾ ਹੈ, ਮੈਨੂੰ ਮਰਵਾਇਆ ਜਾ ਸਕਦਾ ਹੈ। ਮੈਨੂੰ ਮੇਰੀ ਜ਼ਮੀਨ ਵਾਪਸ ਮਿਲਣੀ ਚਾਹੀਦੀ ਹੈ, ਇਸ ਬਾਬਤ ਮੈਂ ਅਪਣੇ ਵਕੀਲਾਂ ਨਾਲ ਗੱਲਬਾਤ ਕਰ ਰਿਹਾ ਹਾਂ।
g ਪੰਜਾਬ, ਹਰਿਆਣਾ ਤੇ ਹਰ ਥਾਈਂ ਫੈਲੇ ਡੇਰਿਆਂ ਬਾਰੇ ਕੀ ਕਹੋਗੇ? ਕੀ ਇਸ ਫ਼ੈਸਲੇ ਦਾ ਅਸਰ ਪਵੇਗਾ?
ਜਵਾਬ : ਡੇਰੇ ਵਾਲੇ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਹਨ। ਸੱਭ ਡੇਰੇ ਸੀਲ ਹੋਣੇ ਚਾਹੀਦੇ ਹਨ। ਇਹ ਨਿਰਾ ਪਖੰਡ ਤੇ ਝੂਠ ਹੈ। ਕੋਈ ਸ਼ੱਕ ਨਹੀਂ ਕਿ ਇਸ ਫ਼ੈਸਲੇ ਨੇ ਸ਼ਰਧਾਲੂਆਂ ਦੀ ਸ਼ਰਧਾ ਨੂੰ ਸੱਟ ਮਾਰੀ ਹੈ। ਸ਼ਰਧਾਲੂ ਜ਼ਰੂਰ ਸਮਝਣਗੇ ਕਿ ਡੇਰਿਆ ਅੰਦਰ ਅਸਲ ਵਿਚ ਕੀ ਹੁੰਦਾ ਹੈ? ਇਹ ਫ਼ੈਸਲਾ ਡੇਰਾਵਾਦ ਲਈ ਵੱਡਾ ਝਟਕਾ ਹੈ ਤੇ ਡੇਰਾਵਾਦ ਦੇ ਖ਼ਾਤਮੇ ਵਲ ਵੱਡਾ ਕਦਮ ਹੈ।
g 'ਰੋਜ਼ਾਨਾ ਸਪੋਕਸਮੈਨ' ਬਾਰੇ ਕੁੱਝ ਕਹਿਣਾ ਚਾਹੋਗੇ?
ਜਵਾਬ : ਮੈਂ 'ਰੋਜ਼ਾਨਾ ਸਪੋਕਸਮੈਨ' ਦਾ ਪੱਕਾ ਪਾਠਕ ਹਾਂ। ਮੈਂ 2007 ਤੋਂ ਸਪੋਕਸਮੈਨ ਪੜ੍ਹਦਾ ਆ ਰਿਹਾ ਹਾਂ। ਇਸ ਅਖ਼ਬਾਰ ਦੀ ਬਦੌਲਤ ਹੀ ਮੈਂ ਪਹਿਲੀ ਵਾਰ ਸੌਦਾ ਸਾਧ ਦਾ ਪਰਦਾ ਫ਼ਾਸ਼ ਕੀਤਾ ਸੀ। ਇਹ ਪਹਿਲਾ ਅਖ਼ਬਾਰ ਹੈ ਜਿਸ ਨੇ ਹਮੇਸ਼ਾ ਸੱਚ ਲਿਖਿਆ ਹੈ ਤੇ ਸੱਚ ਦਾ ਸਾਥ ਦਿਤਾ ਹੈ।

SHARE ARTICLE
Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement