
ਐਸ.ਏ.ਐਸ ਨਗਰ/ਖਰੜ, 16 ਅਕਤੂਬਰ (ਸੁਖਦੀਪ ਸਿੰਘ ਸੋਈ/ਹਰਵਿੰਦਰ ਕੌਰ) : ਦੇਸ਼ ਦੇ ਸੁਨਹਿਰੇ ਭਵਿੱਖ ਲਈ ਨਵੀਆਂ ਖੋਜਾਂ ਕਰਨ ਦੀ ਲੋੜ ਤਾਂ ਹੀ ਸਾਡਾ ਮੁਲਕ ਬੁਲੰਦੀਆਂ ਨੂੰ ਛੂਹ ਛਕੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਦੂਜੀ ਸਾਲਾਨਾ ਕਨਵੋਕੇਸ਼ਨ ਮੌਕੇ ਯੂਨੀਵਰਸਿਟੀ ਦੇ 746 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 15 ਵਿਦਿਆਰਥੀਆਂ ਨੂੰ ਯੁਨੀਵਰਸਿਟੀ ਗੋਲਡ ਮੈਡਲ ਪ੍ਰਦਾਨ ਕਰਨ ਮੌਕੇ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਬਦਨੌਰ ਨੇ ਇਸ ਮੌਕੇ 443 ਬੈਚੂਲਰ ਆਫ ਇੰਜੀਨੀਅਰ ਅਤੇ 303 ਮਾਸਟਰ ਆਫ ਇੰਜੀਨੀਅਰ ਪਾਸ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ।
ਉਨ੍ਹਾਂ ਇਸ ੋਕੇ ਪੰਜ ਬੈਚੁਲਰ ਆਫ ਇੰਜੀਨੀਅਰ ਅਤੇ ਪੰਜ ਮਾਸਟਰ ਆਫ ਇੰਜੀਨੀਅਰ ਪਾਸ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਗੋਲਡ ਮੈਡਲ ਵੀ ਪ੍ਰਦਾਨ ਕੀਤੇ। ਰਾਜਪਾਲ ਪੰਜਾਬ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਕਾਮਨਾ ਕੀਤੀ ਕਿ ਉਹ ਜਿਸ ਖੇਤਰ ਵੀ ਜਾਣ ਉਹ ਆਪਣੀ ਮਿਹਨਤ ਸਦਕਾ ਹੋਰ ਬੁਲੰਦੀਆਂ ਨੂੰ ਛੁਹਣ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ: ਆਰ. ਐਸ ਬਾਵਾ ਨੇ ਰਾਜਪਾਲ ਪੰਜਾਬ ਦਾ ਕਨਵੋਕੇਸ਼ਨ ਮੌਕੇ ਪੁੱਜਣ 'ਤੇ 'ਜੀ ਆਇਆਂ' ਆਖਿਆ ਅਤੇ ਰਾਜਪਾਲ ਪੰਜਾਬ ਨੂੰ ਯੂਨੀਵਰਸਿਟੀ ਦੀਆਂ ਅਕਾਦਮਿਕ, ਖੇਡਾਂ ਅਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ। ਕਨਵੋਕੇਸ਼ਨ ਦੇ ਅਖ਼ੀਰ 'ਚ ਪ੍ਰੋ-ਵਾਇਸ ਚਾਂਸਲਰ ਬੀ.ਐਸ ਸੋਹੀ ਨੇ ਸਾਰਿਆਂ ਦਾ ਧਨਵਾਦ ਕੀਤਾ।