
ਬਟਾਲਾ, 7 ਫ਼ਰਵਰੀ (ਬਲਵਿੰਦਰ ਭੱਲਾ) : ਬੀਤੇ ਦਿਨੀਂ ਡੇਰਾ ਬਾਬਾ ਨਾਨਕ 'ਚ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨੇ ਦੋ ਨੌਜਵਾਨਾਂ ਨੂੰ ਅਪਣੀ ਗੱਡੀ ਹੇਠ ਕੁਚਲ ਮੌਤ ਦੇ ਘਾਟ ਉਤਾਰ ਦਿਤਾ ਸੀ, ਜਿਸ ਤੋਂ ਬਾਅਦ ਸ਼ਹਿਰ ਵਿਚ ਕਾਫੀ ਹਿੰਸਾ ਫੈਲ ਗਈ ਸੀ। ਭੀੜ ਨੇ ਸ਼ਰਾਬ ਦੇ ਠੇਕੇਦਾਰਾਂ ਦੀਆਂ ਗੱਡੀਆਂ ਸਮੇਤ ਠੇਕੇ ਨੂੰ ਵੀ ਅੱਗ ਹਵਾਲੇ ਕਰ ਦਿਤਾ ਸੀ। ਪਰ ਅੱਜ ਮ੍ਰਿਤਕਾਂ ਦੇ ਸਸਕਾਰ ਮੌਕੇ ਸਾਰਾ ਬਜ਼ਾਰ ਬੰਦ ਰਿਹਾ ਅਤੇ ਮ੍ਰਿਤਕ ਨੌਜਵਾਨ ਸੁਬੇਗ ਸਿੰਘ ਤੇ ਸੰਜੀਵ ਕੁਮਾਰ ਦੇ ਪਰਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚੇ।
ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਘਟਨਾ ਹੈ ਅਤੇ ਦੋਸ਼ੀਆ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇਦਾਰਾਂ ਵਲੋ ਜੋ ਕਾਰਿੰਦੇ ਰੱਖੇ ਜਾਂਦੇ ਹਨ, ਉਨ੍ਹਾਂ ਦੀ ਸ਼ਨਾਖ਼ਤ ਤੇ ਆਧਾਰ ਕਾਰਡ ਜ਼ਰੂਰ ਕੋਲ ਰੱਖੇ ਜਾਣ ਤਾਂ ਜੋ ਅਜਿਹੇ ਸਮੇਂ ਵਿਚ ਉਨ੍ਹਾਂ ਦੀ ਜਲਦੀ ਨਾਲ ਪਛਾਣ ਹੋ ਸਕੇ। ਸੁੱਖੀ ਰੰਧਾਵਾ ਨੇ ਕਿਹਾ ਕਿ ਇਹ ਕੋਈ ਐਕਸੀਡੈਂਟ ਨਹੀਂ ਸਗੋਂ ਮਡਰ ਕੇਸ ਹੈ, ਜਿਸ 'ਤੇ ਚਲਦਿਆਂ ਐਸ.ਐਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਤੁਰਤ ਕਾਰਵਾਈ ਕਰਦਿਆਂ ਦੋਸ਼ੀਆਂ ਵਿਰੁਧ 302 ਦਾ ਮੁਕੱਦਮਾ ਦਰਜ ਕਰ ਦਿਤਾ। ਇਹ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਹੈ।