
ਨਾਭਾ - 27 ਨਵੰਬਰ 2016 ਨੂੰ ਮੈਕਸੀਮਮ ਸਕਿਓਰਿਟੀ ਜੇਲ ਵਿਚ ਹੋਈ ਭਾਰੀ ਗੋਲੀਬਾਰੀ ਦੌਰਾਨ ਫਿਲਮੀ ਸਟਾਈਲ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੈੱਲ. ਐੈੱਫ.) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ, ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਤੇ ਕੁਲਪ੍ਰੀਤ ਸਿੰਘ ਨੀਟਾ ਦਿਓਲ ਸਮੇਤ 6 ਹਵਾਲਾਤੀਆਂ ਨੂੰ 4 ਗੱਡੀਆਂ ਵਿਚ ਆਏ ਬਦਮਾਸ਼ ਸਿਰਫ 12 ਮਿੰਟਾਂ ਵਿਚ ਹੀ ਛੁਡਾ ਕੇ ਲੈ ਗਏ ਸਨ।
ਇਨ੍ਹਾਂ ਵਿਚ ਮਿੰਟੂ, ਨੀਟਾ, ਗੁਰਪ੍ਰੀਤ ਸੇਖੋਂ ਤੇ ਅਮਨਦੀਪ (ਚਾਰੇ ਫਰਾਰ ਹਵਾਲਾਤੀ) ਸਮੇਤ 29 ਦੋਸ਼ੀਆਂ ਦੀ ਗ੍ਰਿ੍ਰਫ਼ਤਾਰੀ ਪਿਛਲੇ 13 ਮਹੀਨੇ 8 ਦਿਨਾਂ ਦੌਰਾਨ ਪੁਲਸ ਕਰ ਚੁੱਕੀ ਹੈ ਪਰ ਵਿੱਕੀ ਗੌਂਡਰ ਅਤੇ ਅੱਤਵਾਦੀ ਕਸ਼ਮੀਰ ਸਿੰਘ ਗਲਵੱਢੀ ਦਾ ਕੋਈ ਅਤਾ-ਪਤਾ ਨਹੀਂ ਲੱਗਾ। ਨਾਭਾ ਜੇਲ ਬ੍ਰੇਕ ਕਾਂਡ ਦੌਰਾਨ 100 ਰਾਊਂਡ ਫਾਇਰਿੰਗ ਹੋਈ ਸੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤੁਰੰਤ ਗ੍ਰਹਿ ਮੰਤਰਾਲੇ ਤੋਂ ਰਿਪੋਰਟ ਮੰਗੀ ਸੀ। ਪੰਜਾਬ ਸਰਕਾਰ ਨੇ ਐੈੱਸ. ਆਈ. ਟੀ. ਦਾ ਗਠਨ ਏ. ਡੀ. ਜੀ. ਪੀ. ਦੀ ਨਿਗਰਾਨੀ ਹੇਠ ਕੀਤਾ ਸੀ। ਉਸ ਸਮੇਂ ਦੇ ਡਿਪਟੀ ਸੀ. ਐੈੱਮ. ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜੇਲ ਬ੍ਰੇਕ ਪਿੱਛੇ ਪਾਕਿ ਦਾ ਹੱਥ ਹੈ। ਦੂਜੇ ਪਾਸੇ ਕੈ. ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਸ ਕਾਂਡ ਵਿਚ ਬਾਦਲ ਸਰਕਾਰ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਬਾਅਦ 3-4 ਦਿਨ ਲਗਾਤਾਰ ਏ. ਡੀ. ਜੀ. ਪੀ. ਰੋਹਿਤ ਚੌਧਰੀ, ਏ. ਡੀ. ਜੀ. ਪੀ. ਪ੍ਰਮੋਦ ਕੁਮਾਰ, ਆਈ. ਜੀ. ਉਮਰਾਨੰਗਲ ਤੇ ਹੋਰ ਸੀਨੀਅਰ ਅਧਿਕਾਰੀ ਇਥੇ ਕਾਫੀ ਸਰਗਰਮ ਰਹੇ ਸਨ। ਹੁਣ ਦੇਖਣ ਵਿਚ ਆਇਆ ਹੈ ਕਿ ਛੋਟੇ ਅਧਿਕਾਰੀ ਹੀ ਭੱਜ-ਦੌੜ ਕਰ ਰਹੇ ਹਨ। ਵਿੱਕੀ ਗੌਂਡਰ ਦੇ ਵਿਦੇਸ਼ ਭੱਜ ਜਾਣ ਦੀ ਸੰਭਾਵਨਾ ਹੈ, ਜਿਸ ਕਰ ਕੇ ਵਿੱਕੀ ਅਤੇ ਗਲਵੱਢੀ ਦਾ ਸੁਰਾਗ ਨਹੀਂ ਮਿਲ ਰਿਹਾ। ਜੇਲ ਵਿਚ ਲੱਗੇ ਕਰੋੜਾਂ ਰੁਪਏ ਦੇ ਜੈਮਰ ਦੇ ਬਾਵਜੂਦ ਜੇਲ ਬ੍ਰੇਕ ਕਾਂਡ ਤੋਂ ਕੁੱਝ ਘੰਟੇ ਪਹਿਲਾਂ ਖਤਰਨਾਕ ਗੈਂਗਸਟਰ ਸੇਖੋਂ ਉਰਫ ਮੁੱਦਕੀ ਨੇ ਫੇਸਬੁੱਕ ਪੇਜ 'ਤੇ ਸੰਦੇਸ਼ ਪਾਇਆ ਸੀ। ਭਗੌੜੇ ਹਵਾਲਾਤੀਆਂ ਵਿਚੋਂ ਵਧੇਰੇ ਜੇਲ ਵਿਚ ਰਹਿੰਦੇ ਹੋਏ ਵੀ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਸਰਗਰਮ ਰਹਿੰਦਿਆਂ ਆਪਣੀਆਂ ਫੋਟੋਆਂ ਤੇ ਮੈਸੇਜ ਅਪਲੋਡ ਕਰਦੇ ਸਨ। ਹੁਣ ਵੀ ਜੇਲ ਅਧਿਕਾਰੀ ਇਹੀ ਕਹਿੰਦੇ ਹਨ ਕਿ ਜੈਮਰ 4-ਜੀ ਅਨੁਸਾਰ ਅਪਟੂ ਡੇਟ ਨਹੀਂ ਹੈ ਭਾਵ ਸਰਕਾਰ ਨੇ 13 ਮਹੀਨਿਆਂ ਬਾਅਦ ਵੀ ਸਬਕ ਨਹੀਂ ਸਿੱਖਿਆ।
ਉਸ ਸਮੇਂ ਜੇਲ ਬ੍ਰੇਕ ਕਾਂਡ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ 55 ਲੱਖ ਰੁਪਏ ਦੀ ਡੀਲ ਹੋਣ ਤੋਂ ਬਾਅਦ ਬਾਹਰੋਂ ਮੁਹੱਈਆ ਕਰਵਾਏ ਗਏ 4-ਜੀ ਸਿਮ ਨੂੰ ਇਸਤੇਮਾਲ ਕਰ ਕੇ ਸਕਾਈਪ 'ਤੇ ਜੇਲ ਵਿਚ ਬੰਦ ਗੈਂਗਸਟਰ ਬਾਹਰੀ ਸਾਥੀਆਂ ਨਾਲ ਗੱਲਬਾਤ ਕਰਦੇ ਸਨ। ਜੇਲ ਬ੍ਰੇਕ ਕਾਂਡ ਤੋਂ ਲਗਭਗ 12 ਘੰਟੇ ਪਹਿਲਾਂ ਜੇਲ ਵਿਚ ਬੰਦ ਗੈਂਗਸਟਰ ਅਤੇ ਯੂ. ਪੀ. ਵਿਚੋਂ ਗ੍ਰਿਫ਼ਤਾਰ ਕੀਤੇ ਪਿੰਦਾ ਵਿਚਕਾਰ ਸਕਾਈਪ 'ਤੇ ਵੀਡੀਓ ਕਾਨਫਰੰਸਿੰਗ ਰਾਹੀਂ 18 ਮਿੰਟ ਗੱਲਬਾਤ ਹੋਈ ਸੀ।
ਪੰਜਾਬ ਪੁਲਸ ਤੇ ਗ੍ਰਹਿ ਮੰਤਰਾਲੇ ਨੇ ਅਜੇ ਤੱਕ ਵੀ ਜੈਮਰ ਅਪਡੇਟ ਕਰਨ ਲਈ ਕੋਈ ਸਬਕ ਨਹੀਂ ਸਿੱਖਿਆ। ਮਜ਼ੇ ਦੀ ਗੱਲ ਹੈ ਕਿ ਮੈਕਸੀਮਮ ਸਕਿਓਰਿਟੀ ਜੇਲ ਵਿਚ ਇਸ ਸਮੇਂ ਡੇਢ ਦਰਜਨ ਅੱਤਵਾਦੀਆਂ, ਅਨੇਕਾਂ ਗੈਂਗਸਟਰਾਂ ਤੇ ਟਾਰਗੈੱਟ ਕਿਲਿੰਗ ਕੇਸਾਂ 'ਚ ਨਾਮਜ਼ਦ ਹਵਾਲਾਤੀਆਂ ਤੋਂ ਇਲਾਵਾ ਕ੍ਰਿਮੀਨਲ ਅਪਰਾਧੀ ਵੀ ਬੰਦ ਹਨ। ਵਾਰਡਨਾਂ/ਹੈੱਡ ਵਾਰਡਨਾਂ ਦੀਆਂ ਅਨੇਕਾਂ ਪੋਸਟਾਂ ਖਾਲੀ ਪਈਆਂ ਹਨ। ਮੋਬਾਇਲਾਂ ਦੀ ਵਰਤੋਂ ਧੜੱਲੇ ਨਾਲ ਹੁਣ ਵੀ ਹੋ ਰਹੀ ਹੈ ਪਰ ਸਮਝ ਤੋਂ ਬਾਹਰ ਹੈ ਕਿ ਜੇਲਾਂ ਵਿਚ ਲੱਗੇ ਜੈਮਰਾਂ ਨੂੰ ਗ੍ਰਹਿ ਮੰਤਰਾਲਾ/ਪੰਜਾਬ ਸਰਕਾਰ 4-ਜੀ ਅਨੁਸਾਰ ਅਪਡੇਟ ਕਿਉਂ ਨਹੀਂ ਕਰਵਾ ਰਿਹਾ? ਕੀ ਹੋਰ ਵਾਰਦਾਤ ਦੀ ਉਡੀਕ ਹੈ?