
ਚੰਡੀਗਡ਼੍ਹ: ਸ਼੍ਰੋਮਣੀ ਅਕਾਲੀ ਦਲ ਵੀ ਗੈਂਗਸਟਰਾਂ ਦੀ ਸਿਆਸੀ ਜੰਗ ਵਿੱਚ ਕੁੱਦ ਪਿਆ ਹੈ। ਅਕਾਲੀ ਦਲ ਕਾਂਗਰਸ ਦੇ ਆਗੂ ਅਵਤਾਰ ਹੈਨਰੀ ਤੇ ਅਵਤਾਰ ਸਿੰਘ ਜੂਨੀਅਰ ਵਿਧਾਇਕ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੂੰਦਡ਼ ਨੇ ਇਨ੍ਹਾਂ ਕਾਂਗਰਸੀ ਲੀਡਰਾਂ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਬੰਦੂਕ ਸੱਭਿਆਚਾਰ ਵੱਲ ਲਿਜਾਣ ਦੇ ਇਲਜ਼ਾਮ ਲਾਏ ਹਨ।
ਉਨ੍ਹਾਂ ਕਿਹਾ ਕਿ ਦੋ ਗੈਂਗਸਟਰਾਂ ਸੁੱਖਾ ਕਾਹਲਵਾਂ ਤੇ ਵਿੱਕੀ ਗੋਂਡਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੈਰਾਨੀਜਨਕ ਖ਼ੁਲਾਸੇ ਕੀਤੇ ਗਏ ਹਨ। ਸੁੱਖਾ ਕਾਹਲਵਾਂ ਦੇ ਨਾਨਾ ਗੁਰਮੇਲ ਸਿੰਘ ਤੇ ਮਾਮੀ ਰਾਜਿੰਦਰ ਕੌਰ ਤੇ ਵਿੱਕੀ ਗੋਂਡਰ ਦੇ ਮਾਮਾ ਗੁਰਭੇਜ ਸਿੰਘ ਸੰਧੂ ਵੱਲੋਂ ਕੀਤੇ ਦਾਅਵਿਆਂ ਮੁਤਾਬਕ ਇਹ ਕਾਂਗਰਸੀ ਆਗੂ ਅਵਤਾਰ ਹੈਨਰੀ ਤੇ ਅਵਤਾਰ ਸਿੰਘ ਜੂਨੀਅਰ ਵਿਧਾਇਕ ਹੀ ਸਨ। ਇਨ੍ਹਾਂ ਨੇ ਹੀ ਉਨ੍ਹਾਂ ਨੂੰ ਬੰਦੂਕ ਸੱਭਿਆਚਾਰ ਪ੍ਰਤੀ ਆਕਰਸ਼ਤ ਕੀਤਾ ਤੇ ਉਹ ਗੈਂਗਸਟਰ ਬਣ ਗਏ ਤੇ ਕਾਂਗਰਸੀ ਆਗੂਆਂ ਦੇ ਕਹਿਣ ਅਨੁਸਾਰ ਕੰਮ ਕਰਨ ਲੱਗ ਪਏ।
ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨੂੰ ਪੂਰੀ ਸਰਪ੍ਰਸਤੀ ਦੇ ਕੇ ਕਾਂਗਰਸੀ ਆਗੂ ਇਨ੍ਹਾਂ ਤੋਂ ਗੈਰ ਕਾਨੂੰਨੀ ਕੰਮ ਕਰਵਾਉਣ ਲੱਗ ਪਏ। ਭੂੰਦਡ਼ ਨੇ ਕਿਹਾ ਕਿ ਅਵਤਾਰ ਹੈਨਰੀ ਤੇ ਅਵਤਾਰ ਸਿੰਘ ਜੂਨੀਅਰ ਵਿਧਾਇਕ ਖਿਲਾਫ ਕੇਸ ਦਰਜ ਕਰਕੇ ਇਨ੍ਹਾਂ ਦੀ ਹਿਰਾਸਤੀ ਪੁੱਛਗਿੱਛ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸੀ ਆਗੂ ਗੈਂਗਸਟਰਾਂ ਦਾ ਨੈੱਟਵਰਕ ਚਲਾ ਰਹੇ ਸਨ। ਨੌਜਵਾਨ ਲਡ਼ਕਿਆਂ ਨੂੰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਹੌਸਲਾਅਫਜ਼ਾਈ ਕਰਕੇ ਨੌਜਵਾਨਾਂ ਨੂੰ ਸਿਰਫ ਆਪਣੇ ਨਿੱਜੀ ਲਾਭ ਵਾਸਤੇ ਗੈਂਗਸਟਰ ਬਣਾ ਰਹੇ ਸਨ।