
ਮੋਗਾ- ਪੰਜਾਬ ਪੁਲਿਸ ਨੂੰ ਵੱਖ-ਵੱਖ ਕੇਸਾਂ 'ਚ ਲੋੜੀਂਦੇ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਮਾਮਲੇ 'ਚ ਨਾਮਜ਼ਦ ਪਿੰਡ ਬੁੱਟਰ ਕਲਾਂ ਦੇ ਮੌਜੂਦਾ ਅਕਾਲੀ ਸਰਪੰਚ ਜਸਵਿੰਦਰ ਸਿੰਘ ਸ਼ਿੰਦਰ ਨੂੰ ਸਪੈਸ਼ਲ ਸੈੱਲ ਮੋਗਾ ਦੇ ਇੰਚਾਰਜ ਕਿੱਕਰ ਸਿੰਘ ਅਤੇ ਸਬ-ਇੰਸਪੈਕਟਰ ਇਕਬਾਲ ਹੁਸੈਨ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਰਾਜੂ ਵਾਲਾ ਪੁਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਦਾ ਰਿਮਾਂਡ ਖਤਮ ਹੋਣ ਉਪਰੰਤ ਅੱਜ ਉਸ ਨੂੰ ਨਿਹਾਲ ਸਿੰਘ ਵਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੁਡੀਸ਼ੀਅਲ ਭੇਜ ਦਿੱਤਾ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਕਿੱਕਰ ਸਿੰਘ ਅਤੇ ਸਬ-ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਪੁਲਿਸ ਵੱਲੋਂ 17 ਜਨਵਰੀ ਨੂੰ ਸਰਪੰਚ ਜਸਵਿੰਦਰ ਸਿੰੰਘ ਸ਼ਿੰਦਰ 'ਤੇ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਅਸਲਾ ਐਕਟ ਅਧੀਨ ਸਹਾਇਕ ਥਾਣੇਦਾਰ ਜਗਸੀਰ ਸਿੰਘ ਦੇ ਬਿਆਨਾਂ 'ਤੇ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰਪੰਚ ਨੇ ਗੈਂਗਸਟਰਾਂ ਸਿਮਰਨ ਸਿੰਮਾ ਬਹਿਬਲ ਅਤੇ ਸੁਖਪ੍ਰੀਤ ਸਿੰਘ ਬੁੱਢਾ ਵਾਸੀ ਕੁੱਸਾ ਨੂੰ ਪਨਾਹ ਦਿੱਤੀ ਸੀ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਗੈਂਗਸਟਰ ਉਸ ਕੋਲ ਆ ਕੇ ਰੁਕਦੇ ਸਨ। ਉਹ ਇਨ੍ਹਾਂ ਗੈਂਗਸਟਰਾਂ ਨੂੰ ਅਸਲਾ ਅਤੇ ਮਾਲੀ ਸਹਾਇਤਾ ਵੀ ਮੁਹੱਈਆ ਕਰਵਾਉਂਦਾ ਸਮਝਿਆ ਜਾਂਦਾ ਰਿਹਾ ਹੈ। ਇਹ ਦੋਵੇਂ ਗੈਂਗਸਟਰ ਸ਼ਾਰਪ ਸ਼ੂਟਰ ਦਵਿੰਦਰ ਬੰਬੀਹਾ ਦੇ ਗਰੁੱਪ ਨਾਲ ਸਮਝੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਰਪੰਚ ਤੋਂ 12 ਬੋਰ ਬੰਦੂਕ, 32 ਬੋਰ ਪਿਸਟਲ ਅਤੇ 32 ਬੋਰ ਰਿਵਾਲਵਰ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਅਸਲੇ ਸਰਪੰਚ ਦੇ ਸਾਥੀਆਂ ਸੁਰਿੰਦਰਪਾਲ ਬੀਨਾ, ਕਾਲਾ ਸਿੰਘ ਅਤੇ ਭਗਵੰਤ ਸਿੰਘ ਸਾਰੇ ਵਾਸੀਆਨ ਬੁੱਟਰ ਕਲਾਂ ਦੇ ਲਾਇਸੈਂਸੀ ਹਨ। ਉਨ੍ਹਾਂ ਕਿਹਾ ਕਿ ਸਰਪੰਚ ਦੇ ਸਾਥੀਆਂ ਨੂੰ ਇਸ ਮਾਮਲੇ 'ਚ ਨਾਮਜ਼ਦ ਕਰਨ ਦੇ ਬਾਅਦ ਜੁਰਮ 'ਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਪਾਰਟੀ ਵੱਲੋਂ ਪੂਰੀ ਮੁਸਤੈਦੀ ਨਾਲ ਸਰਪੰਚ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਦੋਸ਼ੀਆਂ ਨੂੰ ਵੀ ਹਿਰਾਸਤ 'ਚ ਲੈ ਲਿਆ ਜਾਵੇਗਾ।