
ਅੰਮ੍ਰਿਤਸਰ, 31 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਹਿੰਦੂ ਸੰਗਠਨਾਂ ਵਲੋਂ ਦਿਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਇਥੋਂ ਦੇ ਮੁੱਖ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਹਿੰਦੂ ਸੰਗਠਨ ਵਿਪਨ ਸ਼ਰਮਾ ਜ਼ਿਲ੍ਹਾ ਪ੍ਰਧਾਨ ਹਿੰਦੂ ਸੰਘਰਸ਼ ਸੈਨਾ ਦੀ ਲਾਸ਼ ਸਥਾਨਕ ਭੰਡਾਰੀ ਪੁਲ 'ਤੇ ਰੱਖ ਕੇ ਪੰਜਾਬ ਸਰਕਾਰ ਵਿਰੁਧ ਰੋਹ ਭਰੀ ਨਾਹਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਮ੍ਰਿਤਕ ਦੇ ਪੀੜਤ ਪਰਵਾਰ ਨੂੰ 25 ਲੱਖ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿਤੀ ਜਾਵੇ ਜੋ ਅਣਪਛਾਤਿਆਂ ਦੀ ਗੋਲੀ ਨਾਲ ਹਲਾਕ ਹੋ ਗਿਆ ਹੈ। ਹਿੰਦੂ ਸੰਗਠਨਾਂ ਨੇ ਰੇਲਾਂ ਰੋਕ ਕੇ ਵੀ ਸਰਕਾਰ ਵਿਰੁਧ ਰੋਹ ਭਰੀ ਭੜਾਸ ਕੱਢੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਿੰਦੂ ਸੰਗਠਨਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿਵਾਉਣ ਦੇ ਭਰੋਸੇ ਬਾਅਦ ਸ਼ਾਮੀਂ ਪੌਣੇ 6 ਵਜੇ ਧਰਨਾ ਸਮਾਪਤ ਕਰਨ ਉਪਰੰਤ ਵਿਪਨ ਸ਼ਰਮਾ ਦਾ ਸਸਕਾਰ ਦੁਰਗਿਆਣਾ ਮੰਦਿਰ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਹਿੰਦੂ ਸੰਗਠਨਾਂ ਵਲੋਂ ਦਿਤੇ ਪੰਜਾਬ ਬੰਦ ਨਾਲ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਭੰਡਾਰੀ ਪੁਲ 'ਤੇ ਆਵਾਜਾਈ ਰੋਕਣ ਕਾਰਨ ਸ਼ਹਿਰ ਆਉਣ ਜਾਣ ਵਾਲੇ ਲੋਕਾਂ ਨੂੰ ਲੰਮਾ ਸਮਾਂ ਜਾਮ 'ਚ ਫਸਣਾ ਪਿਆ। ਮੁਜ਼ਾਹਰਾਕਾਰੀਆਂ ਪੁਲਿਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਵਿਪਨ ਸ਼ਰਮਾ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਰਹੀ। ਟਾਟਾਮੂਰੀ ਰੇਲ 'ਤੇ ਮੁਜ਼ਾਹਾਕਾਰੀਆਂ ਵਲੋਂ ਪਥਰਾਅ ਕਰਨ ਦਾ ਵੀ ਸਮਾਚਾਰ ਹੈ।
ਅੱਜ ਦੇ ਮੁਜ਼ਾਹਰੇ ਤੇ ਪੰਜਾਬ ਬੰਦ ਦੇ ਸੱਦੇ ਦੀ ਅਗਵਾਈ ਅਰੁਣ ਕੁਮਾਰ, ਯੋਗਰਾਜ, ਸੁਧੀਰ ਸੁਰੀ, ਸੰਜੇ ਕੁਮਰੀਆ ਅਤੇ ਹੋਰਨਾਂ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਢਿੱਲੀ ਨੀਤੀ ਕਾਰਨ ਹਿੰਦੂ ਆਗੂਆਂ ਨੂੰ ਦੋਸ਼ੀਆਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਘਟਨਾ ਵਾਪਰਨ ਬਾਅਦ ਵੀ ਦੋਸ਼ੀ ਫੜਨ 'ਚ ਨਾਕਾਮ ਰਹਿ ਰਹੀ ਹੈ। ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਬੀਤੀ ਰਾਤ ਤੋਂ ਹੀ ਸ਼ਹਿਰ ਦੀਆਂ ਵਿਸ਼ੇਸ਼ ਥਾਵਾਂ 'ਤੇ ਨਾਕੇਬੰਦੀ ਕਰਦਿਆਂ ੱੱਸੱਭ ਨੂੰ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਹੋਏ ਸਨ।
ਪੁਲਿਸ ਅਧਿਕਾਰੀਆਂ ਵਲੋਂ ਮ੍ਰਿਤਕ ਦੇ ਨਜ਼ਦੀਕੀ ਸਾਥੀਆਂ ਨੂੰ ਭਰੋਸਾ ਦਿਤਾ ਗਿਆ ਸੀ ਕਿ ਕਾਤਲਾਂ ਨੂੰ ਜਲਦੀ ਫੜ ਕੇ ਸੀਖਾਂ ਪਿੱਛੇ ਕੀਤਾ ਜਾਵੇਗਾ। ਪੁਲਿਸ ਨੇ ਮ੍ਰਿਤਕ ਦੇ ਘਰ ਭਾਰਤ ਨਗਰ, ਬਟਾਲਾ ਰੋਡ ਤੋਂ ਲੈ ਕੇ ਸ਼ਮਸ਼ਾਨਘਾਟ ਤਕ ਵੀ ਵਿਸ਼ੇਸ਼ ਸੁਰੱਖਿਆ ਬੰਦੋਬਸਤ ਕੀਤਾ ਹੋਇਆ ਸੀ। ਨੌਜਵਾਨ ਮੁਜ਼ਾਹਰਾਕਾਰੀ ਨਾਹਰੇ ਲਾ ਰਹੇ ਸਨ ਕਿ ਵਿਪਨ ਸ਼ਰਮਾ ਦੀ ਸੋਚ 'ਤੇ ਉਹ ਪਹਿਰਾ ਦੇਣਗੇ। ਅੱਜ ਦੇ ਬੰਦ ਦੇ ਸੱਦੇ ਦਾ ਜ਼ਿਆਦਾ ਕਰ ਕੇ ਅਸਰ ਬਟਾਲਾ ਰੋਡ, ਹਾਲ ਬਾਜ਼ਾਰ, ਕਟੜਾ ਜੈਮਲ ਸਿੰਘ ਤੇ ਕੁੱਝ ਹੋਰ ਇਲਾਕਿਆਂ ਤਕ ਰਿਹਾ ਪਰ ਸ਼ਹਿਰ ਦਾ ਬਾਹਰੀ ਹਿੱਸਾ ਆਮ ਵਾਂਗ ਖੁਲ੍ਹਾ ਰਿਹਾ।