
ਹੋਲੀ ਬਸੰਤ ਰੁੱਤ ਵਿਚ ਮਨਾਇਆ ਜਾਣ ਵਾਲਾ ਇਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਇਹ ਤਿਉਹਾਰ ਹਿੰਦੂ ਧਰਮ ਅਨੁਸਾਰ ਫ਼ੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਤਿਉਹਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਨੂੰ "ਹੋਲਿਕਾ ਜਲਾਈ" ਜਾਂਦੀ ਹੈ, ਜਿਸਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹਨ। ਦੂਜੇ ਦਿਨ ਲੋਕ ਇਕ ਦੂਜੇ ’ਤੇ ਰੰਗ, ਗੁਲਾਲ ਆਦਿ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹਨ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਪੁਰਾਣੀ ਕੜਵਾਹਟ ਨੂੰ ਭੁੱਲ ਕੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਦੋਸਤ ਬਣ ਜਾਂਦੇ ਹਨ। ਇਕ ਦੂਜੇ ਨੂੰ ਰੰਗਣ ਅਤੇ ਗਾਉਣ-ਵਜਾਉਣ ਦਾ ਦੌਰ ਦੁਪਹਿਰ ਤੱਕ ਚਲਦਾ ਹੈ। ਇਸਦੇ ਬਾਅਦ ਇਸਨਾਨ ਕਰਕੇ ਅਰਾਮ ਕਰਨ ਦੇ ਬਾਅਦ ਨਵੇਂ ਕੱਪੜੇ ਪਾ ਕੇ ਸ਼ਾਮ ਨੂੰ ਲੋਕ ਇਕ ਦੂਜੇ ਦੇ ਘਰ ਮਿਲਣ ਜਾਂਦੇ ਹਨ, ਗਲੇ ਮਿਲਦੇ ਹਨ ਅਤੇ ਮਿਠਾਈਆਂ ਖਾਂਦੇ ਹਨ।
ਰੰਗਾਂ ਦਾ ਇਹ ਲੋਕ ਪ੍ਰਿਅ ਤਿਉਹਾਰ ਬਸੰਤ ਦਾ ਸੁਨੇਹਾ ਵੀ ਹੈ। ਹੋਲੀ ਦਾ ਤਿਉਹਾਰ ਬਸੰਤ ਪੰਚਮੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਉਸੀ ਦਿਨ ਪਹਿਲੀ ਵਾਰ ਗੁਲਾਲ ਉਡਾਇਆ ਜਾਂਦਾ ਹੈ। ਖੇਤਾਂ ਵਿਚ ਸਰਸੋਂ ਖਿੜ ਉੱਠਦੀ ਹੈ। ਬਾਗ-ਬਗੀਚੇ ਵਿਚ ਫੁੱਲਾਂ ਦੀ ਆਕਰਸ਼ਕ ਮਹਿਕ ਛਾ ਜਾਂਦੀ ਹੈ। ਦਰੱਖਤ-ਬੂਟੇ, ਪਸ਼ੂ-ਪੰਛੀ ਅਤੇ ਮਨੁੱਖ ਸਭ ਖੁਸ਼ ਹੋ ਜਾਂਦੇ ਹਨ। ਖੇਤਾਂ ਵਿਚ ਕਣਕ ਦੀਆਂ ਬੱਲੀਆਂ ਇਠਲਾਉਣ ਲੱਗਦੀਆਂ ਹਨ। ਕਿਸਾਨਾਂ ਦਾ ਦਿਲ ਖੁਸ਼ੀ ਨਾਲ ਨੱਚ ਉੱਠਦਾ ਹੈ। ਬੱਚੇ-ਬੁੱਢੇ ਸਾਰੇ ਵਿਅਕਤੀ ਸਭ ਕੁਝ ਭੁੱਲ ਕੇ ਨਾਚ-ਸੰਗੀਤ ਅਤੇ ਰੰਗਾਂ ਵਿਚ ਡੁੱਬ ਜਾਂਦੇ ਹਨ। ਹਰ ਤਰਫ਼ ਰੰਗਾਂ ਦੀ ਫੁਆਰ ਫੁੱਟ ਪੈਂਦੀ ਹੈ।
ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਆਰੀਆਂ ਵਿਚ ਵੀ ਇਸ ਤਿਉਹਾਰ ਦਾ ਪ੍ਰਚਲਨ ਸੀ ਪਰ ਜਿਆਦਾਤਰ ਇਹ ਪੂਰਬੀ ਭਾਰਤ ਵਿਚ ਹੀ ਮਨਾਇਆ ਜਾਂਦਾ ਸੀ। ਇਸ ਤਿਉਹਾਰ ਦਾ ਵਰਣਨ ਅਨੇਕ ਪੁਰਾਤਨ ਧਾਰਮਿਕ ਪੁਸਤਕਾਂ ਵਿਚ ਮਿਲਦਾ ਹੈ।
ਮੁਗਲ ਕਾਲ ਦੇ ਇਤਿਹਾਸ ਵਿਚ ਵੀ ਹੋਲੀ ਮਨਾਏ ਜਾਣ ਦੇ ਕਿੱਸੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿਚ ਬਾਦਸ਼ਾਹ ਅਕਬਰ ਵੱਲੋਂ ਆਪਣੀ ਰਾਣੀ ਜੋਧਾਬਾਈ ਦੇ ਨਾਲ ਅਤੇ ਜਹਾਂਗੀਰ ਦਾ ਨੂਰਜਹਾਂ ਦੇ ਨਾਲ ਹੋਲੀ ਖੇਡਣ ਦਾ ਵਰਣਨ ਮਿਲਦਾ ਹੈ। ਅਲਵਰ ਦੇ ਅਜਾਇਬ-ਘਰ ਵਿਚ ਇੱਕ ਅਜਿਹਾ ਹੀ ਚਿੱਤਰ ਲਗਾਇਆ ਗਿਆ ਹੈ, ਜਿਸ ਵਿਚ ਜਹਾਂਗੀਰ ਨੂੰ ਹੋਲੀ ਖੇਡਦੇ ਹੋਏ ਵਿਖਾਇਆ ਗਿਆ ਹੈ। ਸ਼ਾਹਜਹਾਂ ਦੇ ਸਮੇਂ ਤੱਕ ਹੋਲੀ ਖੇਡਣ ਦਾ ਮੁਗਲੀਆ ਅੰਦਾਜ ਹੀ ਬਦਲ ਗਿਆ ਸੀ। ਇਤਿਹਾਸ ਵਿਚ ਵਰਣਨ ਹੈ ਕਿ ਸ਼ਾਹਜਹਾਂ ਦੇ ਜਮਾਨੇ ਵਿਚ ਹੋਲੀ ਨੂੰ ਈਦ-ਏ-ਗੁਲਾਬੀ ਜਾਂ ਆਬ-ਏ-ਪਾਸ਼ੀ (ਰੰਗਾਂ ਦੀ ਬੌਛਾਰ) ਕਿਹਾ ਜਾਂਦਾ ਸੀ। ਅੰਤਮ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜਫਰ ਬਾਰੇ ਪ੍ਰਸਿੱਧ ਹੈ ਕਿ ਹੋਲੀ 'ਤੇ ਉਹ ਦੇ ਮੰਤਰੀ ਉਨ੍ਹਾਂ ਨੂੰ ਰੰਗ ਲਗਾਉਣ ਜਾਇਆ ਕਰਦੇ ਸਨ।