
ਅਬੋਹਰ, 3 ਮਾਰਚ (ਤੇਜਿੰਦਰ ਸਿੰਘ ਖ਼ਾਲਸਾ): ਬੀਤੇ ਦਿਨੀ ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਉਥੇ ਹੀ ਸ਼ਹਿਰ ਤੇ ਆਸ-ਪਾਸ ਵਾਪਰੀਆਂ ਘਟਨਾਵਾਂ ਵਿਚ ਇੱਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਜਿਸ ਕਾਰਨ ਉਕਤ ਘਰਾਂ ਵਿਚ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਡੀਏਵੀ ਕਾਲਜ ਦੇ ਬਾਹਰ ਸੋਨੂੰ ਰਿਫ਼ਰਸ਼ਮੈਂਟ ਸਟੋਰ ਦੇ ਸੰਚਾਲਕ ਤੇ ਸਾਊਥ ਐਵਨਿਯੂ ਵਾਸੀ ਸੋਨੂੰ ਕਵਾਤੜਾ ਦਾ ਕਰੀਬ 12 ਸਾਲਾ ਪੁੱਤਰ ਨੂਰ ਕਵਾਤੜਾ ਹੋਲੀ ਖੇਡਣ ਉਪਰੰਤ ਦੁਪਹਿਰ ਨੂੰ ਘਰ ਵਿਚ ਨਹਾ ਰਿਹਾ ਸੀ ਜਦਕਿ ਉਸ ਦਾ ਪਰਵਾਰ ਧਾਰਮਕ ਸਥਾਨ 'ਤੇ ਸਤਿਸੰਗ ਵਿਚ ਗਿਆ ਹੋਇਆ ਸੀ। ਇਸ ਦੌਰਾਨ ਬੱਚਾ ਬਾਥਰੂਮ ਵਿਚ ਲੱਗੇ ਗੈਸ ਗੀਜ਼ਰ ਕਾਰਨ ਬੇਹੋਸ਼ ਹੋ ਗਿਆ। ਕਾਫ਼ੀ ਸਮੇਂ ਬਾਅਦ ਉਸ ਦੇ ਪਿਤਾ ਨੇ ਘਰ ਅਪਣੇ ਪੁੱਤਰ ਨੂਰ ਨੂੰ ਫ਼ੋਨ ਕੀਤਾ ਤਾਂ ਉਸ ਨੇ ਫ਼ੋਨ ਨਹੀਂ ਚੁਕਿਆ ਤਾਂ ਸੋਨੂੰ ਨੇ ਅਪਣੇ ਗੁਆਢੀਆਂ ਨੂੰ ਘਰ ਜਾ ਕੇ ਦੇਖਣ ਨੂੰ ਕਿਹਾ ਤਾਂ ਉਨ੍ਹਾਂ ਦੇਖਿਆ ਕਿ ਬਾਥਰੂਮ ਦੀ ਟੁੱਟੀ ਚਲ ਰਹੀ ਸੀ ਪਰ ਆਵਾਜ਼ ਲਗਾਉਣ 'ਤੇ ਨੂਰ ਨੇ ਕੋਈ ਜਵਾਬ ਨਾ ਦਿਤਾ ਤਾਂ ਉਨ੍ਹਾਂ ਦਰਵਾਜ਼ਾ ਤੋੜ ਕੇ ਦੇਖਿਆਂ ਤਾਂ ਨੂਰ ਬੇਹੋਸ਼ੀ ਵਿਚ ਪਿਆ ਸੀ ਤਾਂ ਉਹ ਤੁਰਤ ਨੂਰ ਨੂੰ ਹਸਪਤਾਲ ਲੈ ਪੁੱਜੇ ਜਿਥੇ ਪਰਵਾਰ ਵੀ ਮੌਕੇ 'ਤੇ ਪੁੱਜ ਗਿਆ। ਜਾਂਚ ਉਪਰੰਤ ਡਾਕਟਰਾਂ ਨੇ ਨੂਰ ਨੂੰ ਮ੍ਰਿਤਕ ਐਲਾਨ ਦਿਤਾ।
ਇਕ ਹੋਰ ਮਾਮਲੇ ਵਿਚ ਪਿੰਡ ਅਮਰਪੁਰਾ ਵਿਚ ਉਰਮਿਲਾ ਦੇਵੀ ਪਤਨੀ ਪ੍ਰੇਮ ਕੁਮਾਰ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਕ ਤੌਰ 'ਤੇ ਪਰੇਸ਼ਾਨ ਸੀ ਜਿਸ ਕਾਰਨ ਬੀਤੇ ਦਿਨੀਂ ਉਸ ਨੇ ਗ਼ਲਤੀ ਕਾਰਨ ਕਿਸੇ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ ਜਿਸ ਨੂੰ ਮੁਢਲੇ ਇਲਾਜ ਤੋਂ ਬਾਅਦ ਫ਼ਰੀਦਕੋਟ ਰੈਫ਼ਰ ਕਰ ਦਿਤਾ ਗਿਆ, ਜਿਥੇ ਉਸ ਨੇ ਦਮ ਤੋੜ ਦਿਤਾ। ਥਾਣਾ ਬਹਾਵਾਵਾਲਾ ਪੁਲਿਸ ਨੇ ਮ੍ਰਿਤਕਾ ਦੇ ਪਰਵਾਰ ਦੇ ਬਿਆਨਾਂ ਦੇ ਆਧਾਰ ਤਹਿਤ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਵਾਰ ਹਵਾਲੇ ਕਰ ਦਿਤੀ। ਇਕ ਹੋਰ ਮਾਮਲੇ ਵਿਚ ਪਿੰਡ ਖਾਂਟਵਾਂ ਵਾਸੀ ਵਕੀਲ ਪੁੱਤਰ ਕ੍ਰਿਸ਼ਨ ਕੁਮਾਰ ਦੀ ਲਾਸ਼ ਬੀਤੇ ਦਿਨੀਂ ਪਿੰਡ ਸ਼ੇਰੇਵਾਲਾ ਤੇ ਖਾਟਵਾਂ ਦੇ ਵਿਚਕਾਰ ਕੱਚੇ ਰਸਤੇ ਦੇ ਇਕ ਬਾਗ਼ ਕੋਲ ਗਲੀ ਸੜੀ ਹਾਲਤ ਵਿਚ ਪਿਆ ਮਿਲਿਆ ਜਿਸ ਨੂੰ ਕੁੱਤੇ ਨੋਚ ਰਹੇ ਸਨ। ਸੂਚਨਾ ਮਿਲਦੇ ਹੀ ਪੁਲਿਸ ਤੇ ਸਮਾਜਸੇਵੀ ਸੰਸਥਾ ਨੇ ਉਕਤ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿਤਾ। ਪਰਵਾਰ ਨੇ ਦਸਿਆ ਕਿ ਗੰਭੀਰ ਬੀਮਾਰੀ ਕਾਰਨ ਵਕੀਲ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਕ ਤੌਰ 'ਤੇ ਪ੍ਰੇਸ਼ਾਨ ਸੀ ਜੋ ਕਿ ਕਰੀਬ ਹਫ਼ਤਾ ਪਹਿਲਾਂ ਘਰ ਤੋਂ ਲਾਪਤਾ ਹੋ ਗਿਆ ਸੀ। ਥਾਣਾ ਬਹਾਵਵਾਲਾ ਦੇ ਏਐਸਆਈ ਭਗਵਾਨ ਸਿੰਘ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪਰਵਾਰ ਹਵਾਲੇ ਕਰ ਦਿਤਾ।