ਜਾਖੜ ਨੇ ਸਲਾਰੀਆ ਨੂੰ ਦਿਤੀ ਸਿੱਧੀ ਬਹਿਸ ਦੀ ਚੁਨੌਤੀ 'ਸਲਾਰੀਆ ਵਲੋਂ ਲੰਗਾਹ ਦੀ ਪਿੱਠ ਠੋਕਣਾ ਸ਼ਰਮਨਾਕ'
Published : Oct 1, 2017, 10:53 pm IST
Updated : Oct 1, 2017, 5:23 pm IST
SHARE ARTICLE



ਗੁਰਦਾਸਪੁਰ, 1 ਅਕਤੂਬਰ (ਹੇਮੰਤ ਨੰਦਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਬਲਾਤਕਾਰ ਦੇ ਮਾਮਲੇ ਵਿਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਧਰੇ ਜਾਣ ਨੂੰ ਦੋ ਦਿਨ ਹੋ ਜਾਣ ਦੇ ਬਾਵਜੂਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਜੇ ਤਕ ਚੁੱਪੀ ਵੱਟੀ ਰਖਣ 'ਤੇ ਸਵਾਲ ਉਠਾਏ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਵਲੋਂ ਸਾਬਕਾ ਮੰਤਰੀ ਦੀ ਪਿੱਠ ਠੋਕਣ ਲਈ ਤਿੱਖੀ ਆਲੋਚਨਾ ਕੀਤੀ ਹੈ।

ਸੁਨੀਲ ਜਾਖੜ ਨੇ ਸਲਾਰੀਆ ਨੂੰ ਜੀ.ਐਸ.ਟੀ., ਨੋਟਬੰਦੀ, ਕਿਸਾਨਾਂ, ਉਦਯੋਗ ਜਾਂ ਬੇਰੁਜ਼ਗਾਰੀ ਦੇ ਕਿਸੇ ਵੀ ਮੁੱਦੇ 'ਤੇ ਉਨ੍ਹਾਂ ਨਾਲ ਸਿੱਧੀ ਬਹਿਸ ਲਈ ਚੁਨੌਤੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਵਿਰੋਧੀ ਵਲੋਂ ਇਸ ਘਟਨਾ ਨੂੰ ਇਕ ਪੁਰਾਣਾ ਬਲਾਤਕਾਰ ਦਾ ਮਾਮਲਾ ਆਖਣਾ ਬਹੁਤ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਲੰਗਾਹ ਦੇ ਘਿਨਾਉਣੇ ਜ਼ੁਰਮ 'ਤੇ ਪਰਦਾ ਨਹੀਂ ਪਾ ਸਕਦੇ। ਜਾਖੜ ਨੇ ਕਿਹਾ ਕਿ ਸਲਾਰੀਆ ਵੀ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਸ਼ਾਇਦ ਇਸੇ ਕਰ ਕੇ ਹੀ ਉਹ ਲੰਗਾਹ ਦੀ ਪਿੱਠ ਠੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪੜਾਅ 'ਤੇ ਇਸ ਮੁੱਦੇ ਨੂੰ ਉਭਾਰਨਾ ਨਹੀਂ ਚਾਹੁੰਦੇ ਕਿਉਂਕਿ ਉਹ ਮੁੱਦਿਆਂ 'ਤੇ ਅਧਾਰਤ ਚੋਣ ਲੜਨਾ ਚਾਹੁੰਦੇ ਹਨ।

ਚੋਣਾਂ ਦੀ ਜਮਹੂਰੀ ਪ੍ਰਕਿਰਿਆ ਅਤੇ ਸਿਆਸਤ ਦੀ ਮਰਿਆਦਾ ਦੀਆਂ ਕਦਰਾਂ ਨੂੰ ਬਣਾਈ ਰਖਦੇ ਹੋਏ ਜਾਖੜ ਨੇ ਸੂਬਾ ਸਰਕਾਰ ਨੂੰ ਲੰਗਾਹ ਦੀ ਕਥਿਤ ਸੈਕਸ ਵੀਡੀਉ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਅਪੀਲ ਕੀਤੀ ਕਿਉਂਕਿ ਪੰਜਾਬੀ ਸਭਿਆਚਾਰ ਵਿਚ ਇਸ ਤਰ੍ਹਾਂ ਦੀ ਅਸ਼ਲੀਲਤਾ ਤੇ ਅਭੱਦਰਤਾ ਦੀ ਕੋਈ ਥਾਂ ਨਹੀਂ। ਬਟਾਲਾ ਵਿਖੇ ਪਾਰਟੀ ਵਰਕਰਾਂ ਦੀਆਂ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਕਿਹਾ ਕਿ ਪੁਲਿਸ ਵਲੋਂ ਲੰਗਾਹ ਵਿਰੁਧ ਬਲਾਤਕਾਰ ਦਾ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ ਅਤੇ ਉਨ੍ਹਾਂ ਨੇ ਇਸ ਸਬੰਧੀ ਪੂਰੀ ਤਰ੍ਹਾਂ ਦੜ ਵੱਟੀ ਹੋਈ ਹੈ। ਭਾਵੇਂ ਲੰਗਾਹ ਇਹ ਮਾਮਲਾ ਦਰਜ ਹੋਣ ਤੋਂ ਬਾਅਦ ਭਗੌੜਾ ਹੋ ਗਿਆ ਹੈ।

ਬਾਦਲਾਂ 'ਤੇ ਸਾਰੇ ਮੋਰਚਿਆਂ 'ਤੇ ਪੰਜਾਬ ਨੂੰ ਤਬਾਹ ਕਰਨ ਦਾ ਦੋਸ਼ ਲਾਉਂਦੇ ਹੋਏ ਜਾਖੜ ਨੇ ਪੰਥ ਅਤੇ ਕਿਸਾਨਾਂ ਦੇ ਨਾਂ 'ਤੇ ਵੋਟਾਂ ਕੱਠੀਆਂ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਦੀ ਤਿੱਖੀ ਆਲੋਚਨਾ ਕੀਤੀ ਜਿਨ੍ਹਾਂ ਵਾਸਤੇ ਬਾਦਲ ਕੱਖ ਭੰਨ ਕੇ ਦੋਹਰਾ ਕਰਨ ਵਿਚ ਵੀ ਅਸਫ਼ਲ ਹੋਏ ਹਨ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਦੀ ਗੋਲੀਬਾਰੀ ਦੀ ਘਟਨਾ ਅਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਸਬੰਧ ਵਿਚ ਉਨ੍ਹਾਂ ਦਾ ਪੂਰੀ ਤਰ੍ਹਾਂ ਪਰਦਾ ਫ਼ਾਸ਼ ਹੋ ਚੁੱਕਾ ਹੈ।

ਖੋਖਰ ਵਿਖੇ ਸਾਬਕਾ ਫ਼ੌਜੀਆਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਨਾ ਕੇਵਲ ਉਨ੍ਹਾਂ ਦੇ ਸਗੋਂ ਸਮਾਜ ਦੇ ਵੱਖ ਵੱਖ ਵਰਗਾਂ ਹਿਤਾਂ ਦੀ ਰਾਖੀ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਫ਼ੌਜੀਆਂ ਦੇ ਨਾਲ 72 ਵਾਅਦੇ ਕੀਤੇ ਸਨ ਜਿਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਸਾਬਕਾ ਫ਼ੌਜੀਆਂ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਕੇਂਦਰ ਦੀ ਭਾਜਪਾ ਦੀ ਸਰਕਾਰ ਨੇ ਦਿਖਾ ਦਿਤਾ ਹੈ ਕਿ ਉਹ ਉਨ੍ਹਾਂ ਬਾਰੇ ਕੀ ਸੋਚਦੀ ਹੈ। ਜਾਖੜ ਨਾਲ ਵਿਧਾਇਕ ਪ੍ਰਗਟ ਸਿੰਘ, ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਸਨ।

SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement