
ਅੰਮ੍ਰਿਤਸਰ, 1 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਦੇ ਸਿੰਘਾਂ ਨੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਅਗਵਾਈ ਹੇਠ ਜਲ੍ਹਿਆਂਵਾਲਾ ਬਾਗ਼ ਦੇ ਬਾਹਰ 24 ਅਕਤੂਬਰ 2017 ਨੂੰ ਇਕ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਸੀ ਤੇ ਮੰਗ ਕੀਤੀ ਸੀ ਕਿ ਇਸ ਇਤਿਹਾਸਕ ਯਾਦਗਾਰ ਦੇ ਮੁੱਖ ਦਰਵਾਜ਼ੇ ਅਤੇ ਹੋਰਾਂ ਥਾਂਵਾਂ ਤੇ ਲੱਗੇ ਬੋਰਡਾਂ ਵਿਚ ਪੰਜਾਬੀ ਭਾਸ਼ਾ ਨੂੰ ਪਹਿਲ ਦਿਤੀ ਜਾਵੇ ਤੇ ਹੁਣ ਪੰਜਾਬ ਦੀਆਂ ਮੁੱਖ ਸੜਕਾਂ, ਸਰਕਾਰੀ ਸਮਾਰਕਾਂ ਤੇ ਹੋਰ ਦਫ਼ਤਰਾਂ ਅਤੇ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਮਾਂ ਬੋਲੀ ਨੂੰ ਪਹਿਲਾ ਸਥਾਨ ਦਿਵਾਉਣ ਲਈ ਸਿੱਖ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। 24 ਜਨਵਰੀ 2018 ਨੂੰ ਜਲਿਆਂਵਾਲੇ ਬਾਗ਼ ਦੇ ਮੁੱਖ ਪ੍ਰਵੇਸ਼ ਦਰਵਾਜ਼ੇ 'ਤੇ
ਲੱਗੇ ਹੋਏ ਬੋਰਡ ਨੂੰ ਬਦਲ ਕੇ ਨਵਾਂ ਬੋਰਡ ਲਗਾਇਆ ਗਿਆ ਹੈ ਜਿਸ 'ਤੇ ਹੁਣ ਪਹਿਲੇ ਨੰਬਰ 'ਤੇ ਪੰਜਾਬੀ ਵਿਚ ਜਲ੍ਹਿਆਂਵਾਲਾ ਬਾਗ਼ ਲਿਖਿਆ ਗਿਆ ਹੈ ਜਦਕਿ ਪਹਿਲਾਂ ਲੱਗੇ ਹੋਏ ਬੋਰਡ 'ਤੇ ਪੰਜਾਬੀ ਨੂੰ ਹੇਠਲਾ ਦਰਜਾ ਦਿਤਾ ਸੀ ਗਿਆ। ਜ਼ਿਕਰਯੋਗ ਹੈ ਕਿ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਹੀ ਤੀਜੇ ਦਰਜੇ ਦੀ ਭਾਸ਼ਾ ਵਰਤੇ ਜਾਣ ਵਿਰੁਧ ਕੁੱਝ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਅਤੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਸੀ ਕਿ ਪੰਜਾਬ ਵਿਚ ਪੰਜਾਬੀ ਬੋਲੀ ਨੂੰ ਪਹਿਲਾ ਸਥਾਨ ਦਿੱਤਾ ਜਾਵੇ, ਨਹੀਂ ਤਾਂ ਗੰਭੀਰ ਸਿੱਟੇ ਨਿਕਲਣਗੇ।