
ਹਾਈਟੈਨਸ਼ਨ ਤਾਰਾਂ ਦੀ ਲਪੇਟ 'ਚ ਆਉਣ ਨਾਲ ਚਾਰ ਮੌਤਾਂ
ਲੁਧਿਆਣਾ, 17 ਫ਼ਰਵਰੀ (ਅੰਮ੍ਰਿਤਪਾਲ ਸਿੰਘ ਸੋਨੂੰ/ਮਨੋਜ ਸ਼ਰਮਾ): ਥਾਣਾ ਫ਼ੋਕਲ ਪੁਆਇੰਟ ਦੇ ਅਧੀਨ ਪੈਂਦੇ ਇਲਾਕੇ ਈਸ਼ਵਰ ਕਾਲੋਨੀ ਵਿਚ ਬੀਤੀ ਸ਼ੁੱਕਰਵਾਰ ਰਾਤ ਨੂੰ ਕਰੰਟ ਲੱਗਣ ਨਾਲ ਦੋ ਭਰਾਵਾਂ ਸਮੇਤ ਚਾਰ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਮਲੇ ਦੀ ਜਾਣਕਾਰੀ ਦੇ ਰਹੇ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਨੇ ਦਸਿਆ ਕਿ ਈਸ਼ਵਰ ਕਾਲੋਨੀ ਵਿਚ ਰਹਿਣ ਵਾਲੇ ਰਣਜੀਤ ਸਿੰਘ ਦੀ ਬੇਟੀ ਸਪਨਾ (8) ਦਾ ਸ਼ੁੱਕਰਵਾਰ ਨੂੰ ਜਨਮ ਦਿਨ ਹੋਣ ਕਾਰਨ ਪਰਵਾਰ ਨੇ ਘਰ ਵਿਚ ਹੀ ਪ੍ਰੋਗਰਾਮ ਰਖਿਆ ਹੋਇਆ ਸੀ। ਰਣਜੀਤ ਦੇ ਸਕੇ ਭਰਾ ਸਰਬਜੀਤ ਨੇ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਅਪਣੇ ਦੋਸਤਾਂ ਅਮਰਜੀਤ ਤੇ ਮੰਕੁਸ਼ ਨੂੰ ਵੀ ਸੱਦਾ ਦਿਤਾ ਸੀ। ਜਨਮ ਦਿਨ ਦਾ ਕੇਕ ਕੱਟਣ ਤੋਂ ਬਾਅਦ ਰਣਜੀਤ, ਸਰਬਜੀਤ, ਅਮਰਜੀਤ ਅਤੇ ਮੰਕੁਸ਼ ਚਾਰੇ ਘਰ ਦੀ ਛੱਤ 'ਤੇ ਪੈੱਗ ਲਾਉਣ ਲਈ ਚਲੇ ਗਏ।
ਪੁਲਿਸ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦੀ ਆਪਸ ਵਿਚ ਬਹਿਸਬਾਜ਼ੀ ਹੋ ਗਈ ਤੇ ਧੱਕਾ-ਮੁਕੀ ਸ਼ੁਰੂ ਹੋ ਗਈ। ਇਸੇ ਦੌਰਾਨ ਧੱਕਾ-ਮੁਕੀ ਵਿਚ ਸਰਬਜੀਤ ਛੱਤ ਤੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਨੂੰ ਬਚਾਉਣ ਲਈ ਰਣਜੀਤ ਅੱਗੇ ਵਧਿਆ ਤਾਂ ਉਸ ਨੂੰ ਵੀ ਤਾਰਾਂ ਨੇ ਅਪਣੀ ਲਪੇਟ ਵਿਚ ਲੈ ਲਿਆ।
ਦੋਸਤਾਂ ਨੂੰ ਬਚਾਉਣ ਦੇ ਚੱਕਰ ਵਿਚ ਅਮਰਜੀਤ ਅਤੇ ਮੁਕੇਸ਼ ਵੀ ਹਾਦਸੇ ਦਾ ਸ਼ਿਕਾਰ ਹੋ ਗਏ। ਚਾਰਾਂ ਦੀ ਬੁਰੀ ਤਰ੍ਹਾਂ ਝੁਲਸ ਜਾਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਜਿਉਂ ਹੀ ਪਰਵਾਰ ਨੂੰ ਘਟਨਾ ਦਾ ਪਤਾ ਲੱਗਾ ਤਾਂ ਪਰਵਾਰਕ ਮੈਬਰਾਂ ਦੇ ਨਾਲ ਪੂਰੇ ਇਲਾਕੇ ਵਿਚ ਹਾਹਾਕਾਰ ਮੱਚ ਗਈ। ਕਾਲੋਨੀ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਤੁਰਤ ਪੁਲਿਸ ਨੂੰ ਦਿਤੀ ਜਿਸ 'ਤੇ ਢੰਡਾਰੀ ਫ਼ੋਕਲ ਪੁਆਇੰਟ ਥਾਣਾ ਮੁਖੀ ਅਮਨਦੀਪ ਬਰਾੜ ਪੁਲਿਸ-ਫ਼ੋਰਸ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿਤਾ। ਇਸ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਵਿਚ ਇਲਾਕਾ ਨਿਵਾਸੀ ਘਟਨਾ ਸਥਾਨ 'ਤੇ ਪਹੁੰਚ ਗਏ, ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਸਮਝਾ ਕੇ ਵਾਪਸ ਭੇਜਿਆ। ਏ.ਸੀ.ਪੀ.ਨੇ ਦਸਿਆ ਕਿ ਚਾਰਾਂ ਦਾ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ ਸੌਂਪ ਦਿਤਾ ਜਾਵੇਗਾ।