
ਤਪਾ ਮੰਡੀ: ਇਲਾਕੇ ਭਰ ਵਿਚਲੇ ਭਾਰਤੀ ਖਾਧ ਨਿਗਮ ਅਧੀਨ ਚੱਲਣ ਵਾਲੇ ਸਾਢੇ ਛੇ ਦਰਜਨ ਦੇ ਕਰੀਬ ਚੌਲ ਮਿੱਲਾਂ ਵਿਚਲੇ ਕੁੱਝ ਮਿੱਲ ਮਾਲਕਾਂ ਦੇ ਹੱਥ ਵਿਚ ਸਬੰਧਤ ਖ਼ਰੀਦ ਏਜੰਸੀ ਵਲੋਂ ਜੀਰੀ ਤਬਦੀਲ ਕਰਨ ਦਾ ਨੋਟਿਸ ਪੁੱਜਣ ਲਈ ਤਿਆਰ ਹੈ ਜਿਨ੍ਹਾਂ ਨੇ ਦੋ ਮਹੀਨੇ ਬੀਤਣ ਦੇ ਬਾਵਜੂਦ ਅਪਣੀ ਮਿੱਲ ਅੰਦਰ ਲੱਗੀ ਜੀਰੀ ਵਿਚੋਂ ਅਜੇ ਤਕ ਛੜਾਈ ਕਰ ਕੇ ਐਫ਼.ਸੀ. ਆਈ. ਨੂੰ ਚੌਲ ਨਹੀਂ ਦਿਤੇ।
ਜਾਣਕਾਰੀ ਅਨੁਸਾਰ ਇਲਾਕੇ ਵਿਚਲੇ 78 ਦੇ ਕਰੀਬ ਮਿੱਲ ਮਾਲਕਾਂ ਦੇ ਮਿੱਲਾਂ ਅੰਦਰ ਸਰਕਾਰੀ ਅਤੇ ਵਿਭਾਗੀ ਨੀਤੀਆਂ ਰਾਹੀਂ ਸਰਕਾਰ ਅਤੇ ਵਿਭਾਗ ਦਾ ਕਰੋੜਾਂ ਅਰਬਾਂ ਰੁਪਏ ਦਾ ਝੋਨਾ ਸਟੋਰ ਕੀਤਾ ਹੈ ਜਿਸ ਦੀ ਛੜਾਈ ਕਰ ਕੇ ਮਿੱਲ ਮਾਲਕ ਨੇ ਭਾਰਤੀ ਖਾਧ ਨਿਗਮ ਰਾਹੀਂ ਸਰਕਾਰ ਨੂੰ ਦੇਣਾ ਹੈ ਜਦਕਿ ਉਕਤ ਝੋਨੇ ਦੀ ਛੜਾਈ ਕਰ ਕੇ ਚੌਲ ਵਿਭਾਗ ਰਾਹੀਂ ਸਰਕਾਰ ਤਕ ਦੇਣ ਦੀ ਆਖ਼ਰੀ ਤਾਰੀਕ ਮਾਰਚ ਦੇ ਅੰਤ ਤਕ ਹੁੰਦੀ ਹੈ ਜੋ ਮਿੱਲ ਮਾਲਕਾਂ ਦੇ ਦਬਾਅ ਤੋਂ ਬਾਅਦ ਸਰਕਾਰ ਵਧਾਉਣ ਦਾ ਫ਼ੈਸਲਾ ਅਕਸਰ ਹੀ ਹਰ ਇਕ ਵਾਰ ਕਰਦੀ ਹੈ ਪਰ ਇਸ ਵਾਰ ਮਿੱਲ ਮਾਲਕਾਂ ਅਨੁਸਾਰ ਝੋਨੇ ਵਿਚਲੀ ਵਧੇਰੇ ਨਮੀ ਕਾਰਨ ਜੀਰੀ ਦੀ ਛੜਾਈ ਤੋਂ ਬਾਅਦ ਚੌਲ ਵਿਚਲੀ ਨਮੀ ਘੱਟਣ ਦਾ ਨਾਂਅ ਨਹੀਂ ਲੈ ਰਹੀ। ਜਿਸ ਨੂੰ ਵਿਭਾਗ ਮਨਜ਼ੂਰ ਨਹੀਂ ਕਰ ਰਿਹਾ ਕਿਉਂਕਿ ਉਕਤ ਚੌਲ ਅੰਦਰ 15 ਤੋਂ ਵਧੇਰੇ ਨਮੀ ਹੈ, ਜੋ ਸਮਾਂ ਪੈ ਕੇ ਮਨੁੱਖੀ ਖਾਣਯੋਗ ਨਹੀਂ ਰਹਿੰਦਾ।
ਅਜਿਹੀ ਪ੍ਰੇਸ਼ਾਨੀ ਦੇ ਚਲਦਿਆਂ ਜ਼ਿਆਦਾਤਰ ਮਿੱਲ ਮਾਲਕਾਂ ਨੇ ਉਕਤ ਨਮੀ ਨੂੰ ਘਟਾਉਣ ਲਈ ਡਰਾਇਰ (ਜੀਰੀ/ਚੌਲ ਸੁਕਾਉਣ ਵਾਲੀ ਮਸ਼ੀਨ) ਨੂੰ ਅਪਣੀ ਮਿੱਲ ਅੰਦਰ ਲਾਇਆ ਹੈ ਤਾਂ ਜੋ ਸਮਾਂ ਬੰਦੀ ਅਨੁਸਾਰ ਚੌਲ ਵਿਭਾਗ ਰਾਹੀਂ ਸਰਕਾਰ ਤਕ ਪਹੁੰਚਾਏ ਜਾ ਸਕਣ। ਕੁੱਝ ਕਿ ਮਿੱਲਾਂ ਅੰਦਰ ਪਹਿਲਾਂ ਲੱਗੇ ਡਰਾਇਰ ਜਾਂ ਫੇਰ ਸੀਜ਼ਨ ਦੇ ਸ਼ੁਰੂ ਹੋਣਸਾਰ ਹੀ ਡਰਾਇਰ ਲਗਾ ਲੈਣ ਵਾਲੇ ਮਿੱਲ ਮਾਲਕਾਂ ਨੇ ਅਪਣੀ ਮਿੱਲ ਅੰਦਰਲੇ ਝੋਨੇ ਦੀ ਛੜਾਈ ਕਰ ਕੇ ਚੌਲ ਵਿਭਾਗ ਕੋਲ ਜਮ੍ਹਾਂ ਕਰਵਾ ਦਿਤੇ ਹਨ। ਪਰ ਕੁੱਝ ਮਿੱਲ ਮਾਲਕ ਚੜ੍ਹਦੀ ਧੁੱਪ ਵੱਲ ਵੇਖ ਕੇ ਡਰਾਇਰ ਉਪਰ ਲੱਗਣ ਵਾਲੇ ਲੱਖਾਂ ਰੁਪਏ ਨੂੰ ਬਚਾਉਣ ਦੇ ਚੱਕਰ ਵਿਚ ਸਨ ਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਕਥਿਤ ਤੌਰ 'ਤੇ ਵਿਭਾਗ ਉਪਰ ਦਬਾਅ ਪਾ ਕੇ ਅਪਣੇ ਮਾੜੀ ਗੁਣੱਵਤਾ ਵਾਲਾ ਚੌਲ ਵਿਭਾਗ ਨੂੰ ਸੰਭਾ ਕੇ ਖਹਿੜਾ ਛੜਵਾ ਲਵਾਂਗੇ ਪਰ ਅਜਿਹੇ ਮਿੱਲ ਮਾਲਕਾਂ ਜੀਰੀ ਦੀ ਛੜਾਈ ਦੇ ਮਾਮਲੇ ਵਿਚ ਸਿਫ਼ਰ 'ਤੇ ਰਹਿ ਕੇ ਪੂਰੀ ਤਰ੍ਹਾਂ ਪਛੜ ਗਏ ਹਨ।
ਚਿੰਤਤ ਵਿਭਾਗ ਨੇ ਅਜਿਹੇ ਮਿੱਲ ਮਾਲਕਾਂ ਨੂੰ ਨੋਟਿਸ ਕੱਟ ਕੇ ਜੀਰੀ ਕਿਸੇ ਹੋਰ ਮਿੱਲ ਅੰਦਰ ਤਬਦੀਲ ਕਰਨ ਦਾ ਮਨ ਬਣਾ ਲਿਆ ਹੈ ਤਾਂ ਜੋ ਤੇਜ਼ੀ ਨਾਲ ਚੌਲ ਨੂੰ ਅਪਣੇ ਹੱਥ ਥੱਲੇ ਕੀਤਾ ਜਾ ਸਕੇ।
ਸੂਤਰਾਂ ਅਨੁਸਾਰ ਇਲਾਕੇ ਭਰ ਵਿਚਲੇ ਦਰਜਨ ਦੇ ਕਰੀਬ ਅਜਿਹੇ ਮਿੱਲ ਮਾਲਕ ਹਨ, ਜਿਨ੍ਹਾਂ ਨੇ ਅਜੇ ਤਕ ਦਾਣਾ ਵੀ ਸਰਕਾਰ ਦੀ ਝੋਲੀ ਨਹੀਂ ਪਾਇਆ, ਜਿਹੜੇ ਵਿਭਾਗ ਦੀ ਉਕਤ ਕਾਰਵਾਈ ਦਾ ਹਿੱਸਾ ਬਣ ਸਕਦੇ ਹਨ।
ਮਾਮਲੇ ਸਬੰਧੀ ਐਫ਼.ਸੀ.ਆਈ. ਦੇ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹੀਆਂ ਮਿੱਲਾਂ ਦੀ ਸੂਚੀ ਬਣਾਈ ਜਾ ਰਹੀ ਹੈ ਕਿਉਂਕਿ ਕਾਫੀ ਮਿੱਲ ਮਾਲਕਾਂ ਨੇ ਅਜੇ ਤਕ ਚੌਲ ਵਿਭਾਗ ਕੋਲ ਸਹੀ ਮਾਪਦੰਡ ਵਾਲਾ ਚੌਲ ਜਮ੍ਹਾਂ ਨਹੀਂ ਕਰਵਾਇਆ। ਪਰ ਇਕ ਅੱਧ ਦਿਨ ਵਿਚ ਗੱਡੀ ਨਾ ਲਾਉਣ ਵਾਲੇ ਮਿੱਲ ਮਾਲਕਾਂ ਦੀ ਜ਼ੀਰੀ ਤਬਦੀਲ ਕਰ ਦਿਤੀ ਜਾਵੇਗੀ ਕਿਉਂਕਿ ਵਿਭਾਗ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਜਾ ਫੇਰ ਦੇਰੀ ਕਰਨ ਵਾਲੇ ਮਿੱਲ ਮਾਲਕ ਨੂੰ ਨਹੀਂ ਬਖਸ਼ੇਗਾ।
ਮਾਮਲੇ ਸਬੰਧੀ ਕੁੱਝ ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਝੋਨੇ ਦੀ ਗੁਣੱਵਤਾ ਇਸ ਵਾਰ ਕਾਫੀ ਮਾੜੀ ਸੀ ਕਿਉਂਕਿ ਹਰ ਇਕ ਮਿੱਲ ਮਾਲਕ ਕੋਲ ਸਰਕਾਰੀ ਮਾਪਦੰਡਾਂ ਤੋਂ ਵਧੇਰੇ ਨਮੀ ਵਾਲੀ ਜੀਰੀ ਲਹਾਉਣ ਲਈ ਮਜਬੂਰ ਹੋਣਾ ਪਿਆ ਹੈ। ਜਿਸ ਕਾਰਨ ਹੀ ਚੌਲ ਲਗਾਉਣ ਵਿਚ ਦੇਰੀ ਹੋਈ ਹੈ ਪਰ ਅਗਲੇ ਦਿਨਾਂ ਤਕ ਕੋਈ ਵੀ ਮਿੱਲ ਮਾਲਕ ਸਿਫ਼ਰ ਵਾਲੀ ਸੂਚੀ ਵਿਚ ਦਰਜ ਨਹੀ ਹੋਵੇਗਾ।