
ਖਮਾਣੋਂ, 21 ਫ਼ਰਵਰੀ (ਨਵਨੀਤ ਕੁਮਾਰ ਟੋਨੀ): ਪਿਛਲੇ ਲੰਮੇ ਸਮੇਂ ਪਿੱਛੋਂ ਕੈਨੇਡਾ ਦੀ ਸੰਸਦ ਬਣਨ ਮਗਰੋਂ ਪਹਿਲੀ ਵਾਰ ਅਪਣੇ ਮਾਸੀ ਪਿੰਡ ਹਰਗਣਾ ਪਹੁੰਚੀ ਰੂਬੀ ਸਹੋਤਾ ਅਪਣੀ ਸਵਰਗੀ ਮਾਸੀ ਨੂੰ ਯਾਦ ਕਰ ਕੇ, ਮਾਸੜ ਗੁਰਬਚਨ ਸਿੰਘ ਸ਼ਾਹੀ ਨੂੰ ਮਿਲ ਕੇ ਇਕ ਦਮ ਭਾਵੁਕ ਹੋ ਗਈ, ਜਿਸ ਨੂੰ ਵੇਖ ਪਰਵਾਰ ਦੇ ਹੋਰ ਮੈਂਬਰਾਂ ਦੀਆਂ ਅੱਖਾਂ ਵੀ ਇਕ ਵਾਰ ਨਮ ਹੋ ਗਈਆਂ। ਰੂਬੀ ਸਹੋਤਾ ਕਰੀਬ 12 ਸਾਲ ਪਹਿਲਾਂ ਸੰਨ 2006 ਵਿਚ ਹਰਗਣਾ ਆਈ ਸੀ ਤੇ ਉਦੋਂ ਉਹ ਮੈਂਬਰ ਪਾਰਲੀਮੈਂਟ ਨਹੀਂ ਸੀ। ਸੰਨ 2017 ਵਿਚ ਹੋਈ ਮਾਸੀ ਰਾਜਿੰਦਰ ਕੌਰ ਦੀ ਅਚਾਨਕ ਮੌਤ ਮੌਕੇ ਵੀ ਉਹ ਨਹੀਂ ਪਹੁੰਚ ਸਕੀ ਸੀ। ਜਿਸ ਦਾ ਉਹ ਅੱਜ ਵੀ ਪਛਤਾਵਾ ਕਰਦੀ ਹੈ। ਰੂਬੀ ਨੇ ਦਸਿਆ ਕਿ ਉਸ ਦੇ ਜੱਦੀ ਪਿੰਡ ਜੰਡਾਲੀ ਵਿਖੇ ਕੋਈ ਨਹੀਂ ਰਹਿੰਦਾ ਸੀ, ਉਸ ਸਮੇਂ ਉਹ ਅਕਸਰ ਹੀ ਅਪਣੀ ਮਾਸੀ ਘਰੇ ਜਾਣਾ ਲੋਚਦੀ ਸੀ ਤੇ ਛੋਟੀ ਉਮਰੇ ਬਹੁਤ-ਬਹੁਤ ਦਿਨ ਅਪਣੀ ਮਾਸੀ ਕੋਲ ਹੀ ਰਹਿ ਕੇ ਜਾਂਦੀ ਰਹੀ। ਉਸ ਨੇ ਮਾਸੀ ਰਾਜਿੰਦਰ ਕੌਰ ਦੇ ਹੱਥਾਂ ਦਾ ਬਣਿਆ ਸਰੋਂ ਦਾ ਸਾਗ, ਮੱਕੀ ਦੀ ਰੋਟੀਆਂ, ਮੱਝਾਂ ਦਾ ਦੁੱਧ ਚੋਣਾ, ਮੋਟਰ 'ਤੇ ਬਹਿ ਕੇ ਹਰੇ-ਭਰੇ ਖੇਤਾਂ ਨੂੰ ਤੱਕਣਾ, ਖੇਤਾਂ ਵਿਚ ਘੁੰਮਣਾ ਆਦਿ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ।
ਇਸ ਸਮੇਂ ਰੂਬੀ ਨੇ ਅਮਰੀਕਾ ਵਿਚ ਰਹਿ ਰਹੇ ਭਰਾ (ਮਾਸੀ ਦਾ ਲੜਕਾ) ਗੁਰਪ੍ਰੀਤ ਸਿੰਘ ਸ਼ਾਹੀ ਦੀ ਘਰ ਹਰਗਣਾ ਵਿਖੇ ਗ਼ੈਰ-ਮੌਜ਼ੂਦਗੀ ਵੀ ਮਹਿਸੂਸ ਕੀਤੀ ਅਤੇ ਉਸ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ। ਰੂਬੀ ਸਹੋਤਾ ਦੇ ਭਰਾ ਹਰਪ੍ਰੀਤ ਸਿੰਘ ਸ਼ਾਹੀ ਵਲੋਂ ਮੈਂਬਰ ਪਾਰਲੀਮੈਂਟ ਬਣਨ ਮਗਰੋਂ ਪਹਿਲੀ ਵਾਰ ਇੱਥੇ ਆਉਣ 'ਤੇ ਉਸ ਦੇ ਸਵਾਗਤ ਲਈ ਇਕ ਸਮਾਗਮ ਰਖਿਆ ਹੋਇਆ ਸੀ, ਜਿਸ ਵਿਚ ਇਲਾਕੇ ਦੇ ਪਤਵੰਤਿਆਂ ਨੇ ਰੂਬੀ ਸਹੋਤਾ ਦਾ ਇਥੇ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ।