
ਚੰਡੀਗੜ੍ਹ, 29 ਜਨਵਰੀ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਅਜੇ ਵੀ ਸਰਗਰਮ ਗੈਂਗਸਟਰਾਂ ਨੂੰ ਹਿੰਸਾ ਦਾ ਰਾਹ ਤਿਆਗਣ ਦੀ ਅਪੀਲ ਕੀਤੀ ਹੈ। ਇਸ ਨਾਲ ਹੀ ਉਨ੍ਹਾਂ ਨੇ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਵਿਰੁਧ ਝੂਠਾ ਮੁਕਾਬਲਾ ਕੀਤੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਸੁਭਾਵਕ ਤੌਰ 'ਤੇ ਗੈਂਗਸਟਰਾਂ ਦੇ ਪਰਵਾਰ ਦੁੱਖ ਦੀ ਹਾਲਤ ਵਿਚ ਅਜਿਹੇ ਦੋਸ਼ਾਂ ਲਾ ਰਹੇ ਹਨ।
ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਆਖਿਆ ਕਿ ਗੈਂਗਸਟਰਾਂ ਦੀ ਮੌਤ ਜਸ਼ਨ ਮਨਾਉਣ ਦਾ ਕਾਰਨ ਨਹੀਂ ਅਤੇ ਅਜਿਹੇ ਅਪਰਾਧੀਆਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਨਾ ਤਾਂ ਕੋਈ ਕਾਨੂੰਨ ਤੋਂ ਉਪਰ ਹੈ ਅਤੇ ਨਾ ਹੀ ਉਹ ਬਹੁਤਾ ਸਮਾਂ ਕਾਨੂੰਨ ਤੋਂ ਬਚ ਸਕਦੇ ਹਨ। ਮੁੱਖ ਮੰਤਰੀ ਅੱਜ ਇਥੇ ਪੰਜਾਬ ਕਲਾ ਭਵਨ ਵਿਖੇ ਚੰਡੀਗੜ੍ਹ ਪ੍ਰੈਸ ਕਲੱਬ ਵਲੋਂ ਲਾਈ ਗਈ ਅਖ਼ਬਾਰਾਂ ਦੀ ਫ਼ੋਟੋ ਪ੍ਰਦਰਸ਼ਨੀ (ਨਿਊਜ਼ਸਕੇਪਜ਼-5) ਦੇ ਇਨਾਮ ਵੰਡ ਸਮਾਰੋਹ ਵਿਚ ਪਹੁੰਚੇ ਹੋਏ ਸਨ। ਕੈਪਟਨ
ਨੇ ਦਸਿਆ ਕਿ ਜਦੋਂ ਤੋਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਆਈ ਹੈ, ਉਸ ਵੇਲੇ ਤੋਂ ਏ-ਕੈਟਾਗਰੀ ਦੇ 47 ਫ਼ੀ ਸਦੀ ਗੈਂਗਸਟਰ ਅਤੇ ਬੀ-ਕੈਟਾਗਰੀ ਦੇ 42 ਫ਼ੀ ਸਦੀ ਗੈਂਗਸਟਰਾਂ ਨੇ ਜਾਂ ਤਾਂ ਆਤਮ ਸਮਰਪਣ ਕਰ ਦਿਤਾ ਹੈ ਅਤੇ ਜਾਂ ਫਿਰ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਵਿਰੁਧ ਵਿੱਢੀ ਕਾਰਵਾਈ ਦੇ ਠੋਸ ਯਤਨਾਂ ਦਾ ਨਤੀਜਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿਚ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਗੈਂਗਸਟਰਾਂ ਵਿਰੁਧ ਕਾਰਵਾਈ ਜਾਰੀ ਰੱਖੀ ਜਾਵੇਗੀ।