
ਰਾਣਾ ਗੁਰਜੀਤ ਅਤੇ ਮਨਪ੍ਰੀਤ ਬਾਦਲ ਨੂੰ ਭਲਕੇ ਉਦਯੋਗਪਤੀਆਂ ਨਾਲ ਮਿਲ ਕੇ ਮਸਲੇ ਹੱਲ ਕਰਨ ਦੀ ਹਦਾਇਤ
ਚੰਡੀਗੜ੍ਹ, 18 ਦਸੰਬਰ (ਸਸਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਦਯੋਗਾਂ ਦੀਆਂ ਬਿਜਲੀ ਦਰਾਂ ਦਾ ਮੁੱਦਾ ਵਿਚਾਰਨ ਲਈ ਉੱਚ ਪਧਰੀ ਮੀਟਿੰਗ ਕਰਦਿਆਂ ਦੋ ਸੀਨੀਅਰ ਮੰਤਰੀਆਂ ਨੂੰ ਕਿਹਾ ਕਿ ਉਹ ਭਲਕੇ ਸਨਅਤਕਾਰਾਂ ਨਾਲ ਮੁਲਾਕਾਤ ਕਰ ਕੇ ਸਰਕਾਰ ਦੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਵਾਅਦੇ ਨੂੰ ਛੇਤੀ ਲਾਗੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ। ਮੁੱਖ ਮੰਤਰੀ ਨੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਉਹ ਭਲਕੇ ਉਦਯੋਗਪਤੀਆਂ ਨਾਲ ਮੁਲਾਕਾਤ ਕਰਨ ਅਤੇ ਤੈਅ ਬਿਜਲੀ ਦਰਾਂ ਨੂੰ ਪਿਛਲੇ ਸਮੇਂ ਤੋਂ ਨਾ ਲਾਗੂ ਕਰਨ ਤੋਂ ਇਲਾਵਾ ਹੋਰ ਸਬੰਧਤ ਮੁੱਦਿਆਂ ਦੇ ਹੱਲ ਲਈ ਰਾਹ ਕੱਢਣ। ਅੱਜ ਦੀ ਮੀਟਿੰਗ ਉਪਰੰਤ ਇਕ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਉਦਯੋਗਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਰੈਗੂਲੇਟਰ ਵਲੋਂ ਤੈਅ ਬਿਜਲੀ ਦਰਾਂ ਲਾਗੂ ਕਰਨ ਨਾਲ ਪੈਦਾ ਹੋਈਆਂ ਸਮੱਸਿਆਵਾਂ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਕੀਤੇ ਵਾਅਦੇ ਨੂੰ ਲਾਗੂ ਕਰਨ ਵਿਚ ਹੋਰ ਦੇਰ ਨਾ
ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਅੰਦਰ 1 ਜਨਵਰੀ 2018 ਤੋਂ ਨਵੇਂ ਬਿਜਲੀ ਢਾਂਚੇ ਨੂੰ ਅਮਲੀ ਰੂਪ ਦੇਣ ਲਈ ਤਿਆਰ ਹੈ। ਮੀਟਿੰਗ ਵਿਚ ਵਿਚਾਰੇ ਹੋਰਨਾਂ ਅਹਿਮ ਮੁੱਦਿਆਂ ਵਿਚ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਐਲਾਨੀਆਂ ਤੈਅ ਬਿਜਲੀ ਦਰਾਂ ਨੂੰ 1 ਅਪ੍ਰੈਲ, 2017 ਤੋਂ ਲਾਗੂ ਕੀਤੇ ਜਾਣਾ ਸ਼ਾਮਲ ਹੈ। ਜੇਕਰ ਤੈਅ ਦਰਾਂ ਮੌਜੂਦਾ ਰੂਪ ਵਿਚ ਲਾਗੂ ਹੁੰਦੀਆਂ ਹਨ ਤਾਂ 600 ਕਰੋੜ ਰੁਪਏ ਦਾ ਵਿੱਤੀ ਬੋਝ ਹੈ ਜਦਕਿ ਉਦਯੋਗਾਂ ਵਲੋਂ ਤੈਅ ਬਿਜਲੀ ਦਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਅਪਣੇ ਯੂਨਿਟਾਂ ਦਾ ਲੋਡ ਠੀਕ ਕਰਵਾਉਣ ਲਈ ਹੋਰ ਸਮਾਂ ਚਾਹੁੰਦੇ ਹਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਬਿਜਲੀ ਸਤੀਸ਼ ਚੰਦਰਾ ਅਤੇ ਪਾਵਰਕਾਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਆਦਿ ਮੌਜੂਦ ਸਨ।