
ਨਵੀਂ ਦਿੱਲੀ, 4 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕਾਂਗਰਸ ਨੇ ਪੰਜਾਬ ਵਿਚ ਐਮ.ਸੀ. ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ ਜਿਸ ਵਿਚ ਮੌਜੂਦਾ ਕੌਂਸਲਰਾਂ ਨੂੰ ਛੱਡ ਕੇ ਇਕ ਪਰਵਾਰ-ਇਕ ਟਿਕਟ ਦੇ ਸਿਧਾਂਤ ਨੂੰ ਅਪਣਾਇਆ ਗਿਆ ਹੈ। ਪਾਰਟੀ ਨੇ ਪਟਿਆਲਾ ਤੋਂ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿਤਾ ਹੈ ਅਤੇ ਸਾਰੇ ਮੌਜੂਦਾ ਕੌਂਸਲਰਾਂ ਨੂੰ ਚੋਣ ਲੜਾਉਣ ਦਾ ਫ਼ੈਸਲਾ ਕੀਤਾ ਹੈ ਇਸ ਦੇ ਨਾਲ ਹੀ ਪਾਰਟੀ ਨੇ ਬਾਗ਼ੀਆਂ ਵਿਰੁਧ ਸਖ਼ਤ ਰੁਖ਼ ਅਪਣਾਇਆ ਹੈ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਲਿਆ ਗਿਆ। ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਵਿਚ ਸੁਨੀਲ ਜਾਖੜ, ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਕੱਤਰ ਹਰੀਸ਼ ਚੌਧਰੀ ਵੀ ਸਨ।
ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 2012 ਅਤੇ 2014 ਵਿਚ ਪਾਰਟੀ ਛੱਡਣ ਵਾਲਿਆਂ ਨੂੰ ਐਮ.ਸੀ. ਚੋਣਾਂ 'ਚ ਟਿਕਟ ਨਹੀਂ ਦਿਤੀ ਜਾਵੇਗੀ ਪਰ ਜਿਨ੍ਹਾਂ ਨੇ ਪਹਿਲਾਂ ਐਮ.ਸੀ. ਚੋਣਾਂ ਲੜੀਆਂ ਅਤੇ ਹਾਰ ਗਏ ਸਨ, ਉਨ੍ਹਾਂ ਨੂੰ ਪਾਰਟੀ ਪ੍ਰਤੀ ਵਫ਼ਾਦਾਰੀ ਨਿਭਾਉਣ ਲਈ ਟਿਕਟਾਂ ਦੇਣ ਵਾਸਤੇ ਵਿਚਾਰਿਆ ਜਾਵੇਗਾ। ਬੁਲਾਰੇ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਸਬੰਧੀ ਪਾਰਟੀ ਦੀ ਨੀਤੀ ਵਿਚ ਕੋਈ ਬਦਲਾਅ ਨਹੀਂ ਲਿਆਂਦਾ ਜਾਵੇਗਾ।
ਉਧਰ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਨਗਰ ਨਿਗਮ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਰੀਪੋਰਟ ਦੇ ਆਧਾਰ ਤੇ ਅੱਜ ਪਾਰਟੀ ਦੇ 41 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ।