ਫ਼ਿਰੋਜ਼ਪੁਰ, 21 ਨਵੰਬਰ (ਬਲਬੀਰ ਸਿੰਘ ਜੋਸਨ) : ਹਿੰਦ-ਪਾਕਿ ਸਰਹੱਦ 'ਤੇ ਜ਼ੀਰੋ ਲਾਈਨ 'ਤੇ ਸਥਿਤ ਪਿੰਡ ਕਾਲੂਵਾਲਾ ਜੋ ਕਿ ਤਿੰਨ ਪਾਸਿਆਂ ਤੋਂ ਸਤਲੁਜ ਦਰਿਆ ਅਤੇ ਇਕ ਪਾਸੇ ਹਿੰਦ-ਪਾਕਿ ਸਰਹੱਦ ਨਾਲ ਘਿਰਿਆ ਹੈ। ਟਾਪੂ ਨੁਮਾ ਇਸ ਪਿੰਡ ਦੇ ਨਿਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਲਈ ਬੇੜੀ ਹੀ ਇਕ ਮਾਤਰ ਆਵਾਜਾਈ ਦਾ ਸਾਧਨ ਹੈ। ਬਰਸਾਤਾਂ ਕਾਰਨ ਮੌਂਸਮ ਵਿਚ ਜਦੋਂ ਸਤਲੁੱਜ ਦਰਿਆ ਦਾ ਵਹਾਅ ਤੇਜ਼ ਹੋ ਜਾਂਦਾ ਹੈ ਤਾਂ ਸਕੂਲੀ ਵਿਦਿਆਰਥੀਆਂ ਲਈ ਮੁਸੀਬਤ ਦਾ ਕਾਰਨ ਬਣਦਾ ਹੈ, ਪਰ 'ਹਿੰਮਤ, ਹੌਸਲੇ ਅਤੇ ਸਿਖਿਆ ਪ੍ਰਾਪਤੀ ਲਗਨ' ਹੀ ਇਨ੍ਹਾਂ ਦੀ ਮੁਸ਼ਕਲ ਆਸਾਨ ਕਰਨ ਵਿਚ ਸਹਾਈ ਹੋ ਰਹੀ ਹੈ। ਜਾਣਕਾਰੀ ਮੁਤਾਬਕ ਸਰਹੱਦੀ ਖੇਤਰ ਦੇ ਇਕ ਮਾਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਜਿਸ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਪ੍ਰੇਰਨਾ ਸਦਕਾ ਸਕੂਲ ਨਾਲ ਜੁੜੇ ਵਿਦਿਆਰਥੀ 5 ਤੋਂ 6 ਕਿਲੋਮੀਟਰ ਪੈਦਲ ਚੱਲ ਕੇ ਦੋ ਵਾਰ ਦਰਿਆ ਪਾਰ ਕਰਨ ਲਈ ਬੇੜੀ ਖ਼ੁਦ ਚਲਾਉਂਦੇ ਹਨ। ਜਿਸ ਲਈ ਬੇਹੱਦ ਜ਼ੋਰ ਅਤੇ ਹਿੰਮਤ ਦੀ ਜ਼ਰੂਰਤ ਪੈਂਦੀ ਹੈ। ਸਕੂਲ ਪ੍ਰਿੰਸੀਪਲ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਦੀ ਰਾਹ ਜ਼ਰੂਰ ਮੁਸ਼ਕਲ ਹੈ, ਪਰ ਇਨ੍ਹਾਂ ਵਿਚ ਪੜ੍ਹਾਈ ਪ੍ਰਾਪਤ ਕਰਨ ਦੀ ਬੇਹੱਦ ਇੱਛਾ ਹੈ। ਔਖਾ ਰਸਤਾ ਹੋਣ ਦੇ ਬਾਵਜੂਦ ਸਕੂਲ ਪਹੁੰਚਦੇ ਹਨ 'ਨੰਨੇ ਮੁੰਨੇ' : ਜਾਣਕਾਰੀ ਦੇ ਮੁਤਾਬਕ ਔਖਾ ਰਸਤਾ ਹੋਣ ਦੇ ਬਾਵਜੂਦ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਨਾਲ ਜੁੜੇ ਵਿਦਿਆਰਥੀ ਕਈ ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਔਖੇ ਰਸਤੇ ਰਾਹੀਂ ਦੋ ਵਾਰ ਦਰਿਆ ਪਾਰ ਕਰ ਕੇ ਖ਼ੁਦ ਬੇੜੀ ਚਲਾ ਕੇ ਸਮੇਂ ਸਿਰ ਸਕੂਲ ਪਹੁੰਚਦੇ ਹਨ ਪਰ ਜਦੋਂ ਕਦੇ ਦਰਿਆ ਦਾ ਪਾਣੀ ਇਨ੍ਹਾਂ ਵਿਦਿਆਰਥੀਆਂ ਦੇ ਘਰਾਂ ਅਤੇ ਰਸਤੇ ਵਿਚ ਆ ਜਾਂਦਾ ਹੈ ਤਾਂ ਇਨ੍ਹਾਂ ਦੀ ਪੜ੍ਹਾਈ ਰੁਕ ਜਾਂਦੀ ਹੈ ਅਤੇ ਬੇਹੱਦ ਔਖਾ ਦੌਰ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਇਹ ਪੜ੍ਹਾਈ ਵਿਚ ਪਛੜ ਜਾਂਦੇ ਹਨ। ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੇ ਵਲੋਂ ਗ਼ਰੀਬ ਘਰਾਣਿਆਂ ਦੇ ਬੱਚਿਆਂ ਦੀ ਫ਼ੀਸ ਮੁਆਫ਼ੀ ਤੋਂ ਇਲਾਵਾ ਹਰ ਸੰਭਵ ਮਦਦ ਵੀ ਕੀਤੀ ਜਾ ਰਹੀ ਹੈ।

ਪੜ੍ਹਾਈ ਦੇ ਨਾਲ-ਨਾਲ ਖੇਤਾਂ 'ਚ ਕੰਮ ਕਰਵਾਉਂਦੇ ਹਨ ਵਿਦਿਆਰਥੀ : ਇਸ ਮੌਕੇ 10ਵੀਂ ਜਮਾਤ ਵਿਚ ਪੜ੍ਹਦੇ ਮਲਕੀਤ ਸਿੰਘ ਅਤੇ 9ਵੀਂ ਜਮਾਤ ਵਿਚ ਪੜ੍ਹਦੇ ਮਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਆਮ ਵਿਦਿਆਰਥੀਆਂ ਤੋਂ ਬੇਹੱਦ ਔਖੀ ਹੈ। ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪਰਵਾਰ ਦਾ ਮਾੜੀ ਆਰਥਕ ਸਥਿਤੀ ਕਾਰਨ ਖੇਤੀ ਦੇ ਕੰਮ ਵਿਚ ਵੀ ਹੱਥ ਵਟਾਉਣਾ ਪੈਂਦਾ ਹੈ, ਜਿਸ ਉਪਰ ਕਾਫ਼ੀ ਸਮਾਂ ਲਗਦਾ ਹੈ। ਪਿੰਡ ਵਿਚ ਪੜ੍ਹਾਈ ਦੀ ਮਦਦ ਕਰਨ ਵਾਲਾ ਵੀ ਕੋਈ ਨਹੀਂ ਹੈ, ਪਿੰਡ ਵਿਚ 50 ਤੋਂ ਵੱਧ ਘਰ ਹੋਣ ਦੇ ਬਾਵਜੂਦ ਇਕ ਵੀ ਨੌਜਵਾਨ ਗ੍ਰੇਜੂਏਟ ਨਹੀਂ ਕਰ ਸਕਿਆ। ਪਿੰਡ ਵਿਚ ਪ੍ਰਾਇਮਰੀ ਸਕੂਲ ਵੀ ਨਹੀਂ ਹੈ। ਪੰਜਵੀਂ ਜਮਾਤ ਤਕ ਦੇ ਬੱਚੇ ਵੀ ਬੇੜੀ ਰਾਹੀਂ ਹੀ ਸਕੂਲ ਜਾਂਦੇ ਹਨ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਲਖਵਿੰਦਰ ਸਿੰਘ ਨੇ ਸਕੂਲ ਸਟਾਫ਼ ਵਲੋਂ ਕੀਤੇ ਜਾ ਰਹੇ ਸਹਿਯੋਗ ਅਤੇ ਮਦਦ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਹੀ ਪੜ੍ਹਾਈ ਚਾਲੂ ਰੱਖ ਸਕਿਆ ਹਾਂ। ਵਿਦਿਆਰਥੀਆਂ ਨੇ ਸਰਕਾਰ ਤੋਂ ਕੀਤੀ ਵਿਸੇਸ਼ ਸਹੂਲਤ ਦੀ ਮੰਗ : ਦਰਿਆ ਪਾਰ ਕਰ ਕੇ ਸਕੂਲ ਆਉਣ ਵਾਲੇ 10ਵੀਂ ਜਮਾਤ ਵਿਚ ਪੜ੍ਹਦੇ ਮਲਕੀਤ ਸਿੰਘ, 9ਵੀਂ ਜਮਾਤ ਵਿਚ ਪੜ੍ਹਦੇ ਮਨਜੀਤ ਸਿੰਘ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਲਖਵਿੰਦਰ ਸਿੰਘ ਨੇ ਸੂਬਾ ਸਰਕਾਰ ਤੋਂ ਵਿਸ਼ੇਸ਼ ਸਹੂਲਤ ਦੀ ਮੰਗ ਕੀਤੀ ਤਾਂ ਜੋ ਪੇਸ਼ ਆ ਰਹੀਆਂ ਮੁਸ਼ਕਲਾਂ ਪੜ੍ਹਾਈ ਵਿਚ ਰੁਕਾਵਟ ਨਾ ਬਨਣ।
end-of