
ਚੰਡੀਗੜ੍ਹ, 6 ਜਨਵਰੀ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ ਮਾਨਸਾ ਤੋਂ ਕਿਸਾਨ ਕਰਜ਼ਾ ਮਾਫ਼ੀ ਯੋਜਨਾ ਦੀ ਰਸਮੀ ਸ਼ੁਰੂਆਤ ਕਰਨਗੇ, ਜਿਸ ਨਾਲ ਪਹਿਲੇ ਪੜਾਅ 'ਚ 5.63 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ।ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵਧੀਕ ਮੁੱਖ ਸਕੱਤਰ (ਸਹਿਕਾਰਤਾ) ਡੀ.ਪੀ. ਰੈਡੀ ਅਤੇ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਦਸਿਆ ਕਿ 31 ਮਾਰਚ 2017 ਤਕ ਸਹਿਕਾਰੀ ਸੰਸਥਾਵਾਂ ਤੋਂ ਲਗਭਗ 2700 ਕਰੋੜ ਰੁਪਏ ਦਾ ਕਰਜ਼ਾ ਲੈਣ ਵਾਲੇ 5.63 ਲੱਖ ਕਿਸਾਨਾਂ ਦੀ ਸ਼ਨਾਖਤ ਲਾਭਪਾਤਰੀਆਂ ਵਜੋਂ ਪਹਿਲਾਂ ਹੀ ਕੀਤੀ ਜਾ ਚੁਕੀ ਹੈ। ਕਰਜ਼ਾ ਰਾਹਤ ਬਾਰੇ ਸਮੁੱਚੀ ਪ੍ਰਕ੍ਰਿਆ ਚਾਰ ਪੜਾਵਾਂ 'ਚ ਮੁਕੰਮਲ ਹੋਵੇਗੀ ਅਤੇ ਪਹਿਲੇ ਪੜਾਅ ਦੌਰਾਨ ਐਤਵਾਰ ਨੂੰ ਕਰਜ਼ਾ ਮਾਫ਼ੀ ਸਰਟੀਫ਼ਿਕੇਟ ਲਾਭਪਾਤਰੀਆਂ ਨੂੰ ਦਿਤੇ ਜਾਣਗੇ।ਉਨ੍ਹਾਂ ਦਸਿਆ ਕਿ ਹੁਣ ਤਕ ਸਮੁੱਚੇ ਪੰਜਾਬ 'ਚ 3.20 ਲੱਖ ਕਿਸਾਨਾਂ ਦੀ ਪ੍ਰਮਾਣਿਕਤਾ ਮੁਕੰਮਲ ਹੋ ਚੁਕੀ ਹੈ। ਉਨ੍ਹਾਂ ਦਸਿਆ ਕਿ ਪੰਜਾਬ ਭਰ 'ਚ 1.60 ਲੱਖ ਕੇਸਾਂ ਲਈ 748 ਕਰੋੜ ਰੁਪਏ ਦੇ ਕਰਜ਼ੇ ਨੂੰ ਪ੍ਰਵਾਨਗੀ ਦਿਤੀ ਜਾ ਚੁਕੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮਾਨਸਾ ਤੋਂ ਹੋਵੇਗੀ, ਜਿਸ 'ਚ ਤਕਰੀਬਨ 47,000 ਸੀਮਾਂਤ ਤੇ ਛੋਟੇ ਕਿਸਾਨਾਂ ਨੂੰ 167.39 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫ਼ਿਕੇਟ ਵੰਡੇ ਜਾਣਗੇ। ਇਹ ਸਰਟੀਫ਼ਿਕੇਟ ਪੰਜ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਫਰੀਦਕੋਟ, ਮੁਕਤਸਰ ਅਤੇ ਮੋਗਾ ਦੀਆਂ 701 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਕਰਜ਼ਾ ਲੈਣ ਵਾਲੇ ਸੀਮਾਂਤ ਅਤੇ ਛੋਟੇ ਕਿਸਾਨਾਂ ਨੂੰ ਦਿਤੇ ਜਾਣਗੇ।
ਸ੍ਰੀ ਰੈਡੀ ਨੇ ਦਸਿਆ ਕਿ ਯੋਗ ਕਿਸਾਨਾਂ ਦੀ ਸੂਚੀ ਤਿਆਰ ਕਰਨ ਲਈ ਸਹਿਕਾਰੀ ਵਿਭਾਗ ਨੇ ਖੇਤੀਬਾੜੀ ਅਤੇ ਮਾਲ ਵਿਭਾਗਾਂ ਦੇ ਸਹਿਯੋਗ ਨਾਲ ਵਿਆਪਕ ਯੋਜਨਾ ਤਿਆਰ ਕੀਤੀ ਹੈ। ਇਸ ਸਬੰਧ 'ਚ ਲਾਭਪਾਤਰੀਆਂ ਦੇ ਸਮਾਜਕ ਆਡਿਟ ਅਤੇ ਪੁਖਤਾ ਪੜਤਾਲ 'ਤੇ ਜ਼ੋਰ ਦਿਤਾ ਜਾ ਰਿਹਾ ਹੈ ਅਤੇ ਇਸ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਵਲੋਂ ਯੋਗ ਲਾਭਪਾਤਰੀਆਂ ਦੀ ਸਹੂਲਤ ਲਈ ਇਕ ਵੈਬ ਪੋਰਟਲ ਵੀ ਜਾਰੀ ਕੀਤਾ ਗਿਆ ਹੈ। ਸ੍ਰੀ ਖੰਨਾ ਨੇ ਦਸਿਆ ਕਿ ਵਪਾਰਕ ਅਤੇ ਨਿੱਜੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਨਿਪਟਾਰਾ ਬਾਅਦ 'ਚ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਮਾਮਲਿਆਂ 'ਚ ਸੀਮਾਂਤ ਕਿਸਾਨਾਂ ਨੇ ਇਕ ਤੋਂ ਵੱਧ ਬੈਂਕਾਂ ਕੋਲੋਂ ਕਰਜ਼ਾ ਲਿਆ ਹੈ, ਉਹ ਵਪਾਰਕ ਬੈਂਕਾਂ ਤੋਂ ਲਏ ਗਏ ਕਰਜ਼ੇ ਲਈ ਵੀ ਰਾਹਤ ਲੈਣ ਦੇ ਯੋਗ ਹੋਣਗੇ। ਇਹ ਰਾਹਤ ਸਹਿਕਾਰੀ ਬੈਂਕਾਂ ਕੋਲੋਂ ਲਏ ਕਰਜ਼ੇ ਲਈ ਦਿਤੀ ਰਾਹਤ ਤੋਂ ਵਾਧੂ ਹੋਵੇਗੀ ਪਰ ਕੁੱਲ ਰਾਹਤ ਦੋ ਲੱਖ ਰੁਪਏ ਤਕ ਹੀ ਮਿਲੇਗੀ।ਸ੍ਰੀ ਖੰਨਾ ਨੇ ਦਸਿਆ ਕਿ ਪਾਰਦਰਸ਼ਤਾ ਲਿਆਉਣ ਲਈ ਇਸ ਸਕੀਮ ਵਾਸਤੇ ਸਮਾਜਿਕ ਆਡਿਟ ਨੂੰ ਅਪਣਾਇਆ ਗਿਆ ਹੈ। ਲਾਭਪਾਤਰੀਆਂ ਦੀਆਂ ਸੂਚੀਆਂ ਪਿੰਡਾਂ ਵਿੱਚ ਜਨਤਕ ਥਾਵਾਂ 'ਤੇ ਲਾਈਆਂ ਗਈਆਂ ਹਨ ਅਤੇ ਸਮਾਜਿਕ ਆਡਿਟ ਦੌਰਾਨ ਉਠਣ ਵਾਲੇ ਹਰੇਕ ਇਤਰਾਜ਼ ਦੀ ਪੜਤਾਲ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਦੌਰਾਨ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਅਰਵਿੰਦਰ ਸਿੰਘ ਬੈਂਸ, ਮੰਡੀ ਬੋਰਡ ਦੇ ਸਕੱਤਰ ਅਮਿਤ ਢਾਕਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਐਸ.ਕੇ. ਬਾਤਿਸ਼ ਵੀ ਹਾਜ਼ਰ ਸਨ।