
ਅੰਮ੍ਰਿਤਸਰ, 19 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਕ ਅਸ਼ਲੀਲ ਵੀਡੀਉ ਸੋਸ਼ਲ ਮੀਡੀਆ 'ਤੇ ਚਰਚਿਤ ਹੋਣ ਉਪਰੰਤ ਚੱਢਾ ਨੂੰ 23 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ 'ਤੇ ਭਾਂਵੇ ਜਥੇਦਾਰਾਂ ਦੀ ਮੀਟਿੰਗ ਵਿਚ ਤਲਬ ਕਰ ਲਿਆ ਹੈ ਪਰ ਜਥੇਦਾਰ ਨੇ ਉਸ ਤੋ ਪਹਿਲਾਂ ਚੱਢਾ ਨੂੰ ਸਖ਼ਤੀ ਨਾਲ ਕਿਹਾ ਹੈ ਕਿ ਉਹ ਦੀਵਾਨ ਦੀ ਪ੍ਰਧਾਨਗੀ ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਅਕਾਲ ਤਖ਼ਤ 'ਤੇ ਪੇਸ਼ ਹੋਵੇ। ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਚੱਢਾ ਦਾ ਅਪਰਾਧ ਸੰਗੀਨ ਹੈ ਤੇ ਉਹ ਦੀਵਾਨ ਦੇ ਕਿਸੇ ਵੀ ਅਹੁਦੇ ਤੇ ਮੈਂਬਰ ਵੀ ਰਹਿਣ ਦੇ ਕਾਬਲ ਨਹੀਂ ਹੈ, ਇਸ ਲਈ ਉਹ ਪ੍ਰਧਾਨਗੀ ਅਹੁਦੇ ਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ 23 ਜਨਵਰੀ ਨੂੰ ਅਕਾਲ ਤਖ਼ਤ ਦੇ ਸਨਮੁੱਖ ਪੇਸ਼ ਹੋਵੇ। ਉਨ੍ਹਾਂ ਕਿਹਾ ਕਿ
ਚੱਢਾ ਨੇ ਇਕ ਮਹਿਲਾ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤ ਕਰ ਕੇ ਸਿੱਖ ਪੰਥ ਦੀ ਸਿਰਮੌਰ ਵਿਦਿਅਕ ਤੇ ਧਾਰਮਕ ਸੰਸਥਾ ਦੇ ਵਕਾਰ ਨੂੰ ਠੇਸ ਪਹੁੰਚਾਈ ਹੈ ਜਿਸ ਕਾਰਨ ਅੱਜ ਹਰ ਸਿੱਖ ਸਕਤੇ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਉਮਰ ਵਿਚ ਤਾਂ ਚੱਢਾ ਨੂੰ ਚਾਹੀਦਾ ਸੀ ਕਿ ਉਹ ਸੰਸਥਾ ਦੀ ਬਿਹਰਤੀ ਲਈ ਕੰਮ ਕਰਦਾ ਤੇ ਸੰਸਥਾ ਨੂੰ ਉੱਚਾ ਚੁੱਕਣ ਵਿਚ ਅਪਣੀ ਤਾਕਤ ਖ਼ਰਚ ਕਰਦਾ ਪਰ ਉਸ ਦੀ ਘਿਨਾਉਣੀ ਹਰਕਤ ਨੇ ਦੀਵਾਨ ਦੇ ਅਕਸ ਨੂੰ ਦਾਗਦਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਤੇ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਦੂਜੇ ਪਾਸੇ ਚੱਢਾ ਖੇਮੇ ਵਿਚੋਂ ਵੀ ਉਸ ਵਲੋਂ ਅਸਤੀਫ਼ਾ ਦੇਣ ਦੀ ਚਰਚਾ ਹੈ ਪਰ ਹਾਲੇ ਤਕ ਦੀਵਾਨ ਦੇ ਦਫ਼ਤਰ ਵਿਚ ਅਸਤੀਫ਼ਾ ਪੁੱਜਣ ਦੀ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ ਹੈ। ਦੀਵਾਨ ਦੇ ਆਨਰੇਰੀ ਸਕੱਤਰ ਸ. ਨਰਿੰਦਰ ਸਿੰਘ ਖੁਰਾਣਾ ਨੇ ਦਸਿਆ ਕਿ ਉਨ੍ਹਾਂ ਕੋਲ ਹਾਲੇ ਤਕ ਕੋਈ ਅਸਤੀਫ਼ਾ ਨਹੀਂ ਪੁੱਜਾ ਤੇ 6 ਫ਼ਰਵਰੀ ਦੀ ਮੀਟਿੰਗ ਵਿਚ ਚੱਢਾ ਨੂੰ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ।