
ਨਵੀਂ ਦਿੱਲੀ, 21 ਦਸੰਬਰ : ਰਾਜਮਾਰਗਾਂ 'ਤੇ ਬਣੇ ਟੋਲ ਪਲਾਜ਼ਿਆਂ ਦੀ ਭਰਮਾਰ ਅਤੇ ਸਹੂਲਤਾਂ ਦੀ ਕਮੀ ਦਾ ਮੁੱਦਾ ਅੱਜ ਲੋਕ ਸਭਾ ਵਿਚ ਚੁਕਿਆ ਗਿਆ ਅਤੇ ਸਰਕਾਰ ਕੋਲੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਗਈ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਸਿਫ਼ਰ ਕਾਲ ਦੌਰਾਨ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ਅਤੇ ਰਾਜਾਂ ਦੇ ਰਾਜਮਾਰਗਾਂ 'ਤੇ ਟੋਲ ਪਲਾਜ਼ਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਹਰ 50 ਕਿਲੋਮੀਟਰ 'ਤੇ ਟੋਲ ਪਲਾਜ਼ਾ ਹੈ।
ਉਨ੍ਹਾਂ ਕਿਹਾ ਕਿ ਜਦ ਲੋਕ ਵਾਹਨ ਖ਼ਰੀਦਦੇ ਸਮੇਂ ਰੋਡ ਟੈਕਸ ਦਿੰਦੇ ਹਨ ਤਾਂ ਇਸ ਦੀ ਵਰਤੋਂ ਸੜਕਾਂ ਦੀ ਦੇਖਰੇਖ ਲਈ ਹੋਣੀ ਚਾਹੀਦੀ ਹੈ। ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਨਿਜੀ ਕੰਪਨੀਆਂ ਟੋਲ ਰਾਹੀਂ ਲੋਕਾਂ ਦੀ ਲੁੱਟ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਟੋਲ ਪਲਾਜ਼ਿਆਂ 'ਤੇ ਐਂਬੂਲੈਂਸ ਆਦਿ ਦੀ ਸਹੂਲਤ ਵੀ ਨਹੀਂ ਹੁੰਦੀ। ਸਿਫ਼ਰ ਕਾਲ ਦੌਰਾਨ ਸ਼ਿਵ ਸੈਨਾ ਦੇ ਅਰਵਿੰਦ ਸਾਵੰਤ ਨੇ ਦੂਰਦਰਸ਼ਨ ਮੁੰਬਈ ਦੇ ਕਰੀਬ 150 ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ। (ਏਜੰਸੀ)