
ਗੁਰਦਾਸਪੁਰ- ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬੇਟੇ ਅਰਜੁਨ ਸਿੰਘ ਅਤੇ ਕਾਂਗਰਸੀ ਨੇਤਾ ਰਜਿੰਦਰ ਕੌਰ ਭੱਠਲ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਤਲਬ ਕੀਤਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਸਿਰਸਾ ਵਾਲੇ ਸਾਧੂ ਤੋਂ ਵੋਟ ਮੰਗਣ ਦੇ ਦੋਸ਼ੀ ਅਰਜੁਨ ਸਿੰਘ ਬਾਦਲ ਪੁੱਤਰ ਮਨਪ੍ਰੀਤ ਬਾਦਲ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਪਣਾ ਸਪਸ਼ੱਟੀਕਰਨ ਦੇਣ ਲਈ ਬੁਲਾਇਆ ਗਿਆ ਪਰ ਉਹ ਹਾਜ਼ਰ ਨਹੀਂ ਹੋਏ। ਇਸ ਲਈ ਉਨ੍ਹਾਂ ਨੂੰ ਇਕ ਆਖਰੀ ਮੌਕਾ ਦਿੰਦੇ ਹੋਏ ਸਿੰਘ ਸਾਹਿਬ ਨੇ ਕਿਹਾ ਕਿ ਜੇਕਰ ਉਹ ਇਸ ਵਾਰ ਵੀ 13 ਅਕਤੂਬਰ ਨੂੰ ਹੋਣ ਵਾਲੇ ਬੈਠਕ 'ਚ ਸ਼ਾਮਲ ਨਹੀਂ ਹੁੰਦੇ ਤਾਂ ਅਕਾਲ ਤਖਤ ਵੱਲੋਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਗੁਰਦੁਆਰਾ ਛੋਟਾ ਘੱਲੂਘਾਰਾ 'ਚ ਚੱਲ ਰਹੇ ਕੇਸ ਸਬੰਧੀ ਕਿਹਾ ਕਿ ਪ੍ਰਧਾਨ ਮਾਸਟਰ ਜੌਹਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਚ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ 2 ਮੌਕੇ ਦਿੱਤੇ ਗਏ ਹਨ ਪਰ ਉਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਲਈ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਇਕ ਆਖਰੀ ਮੌਕਾ 13 ਅਕਤੂਬਰ ਨੂੰ ਦਿੱਤਾ ਜਾਂਦਾ ਹੈ। ਜੇਕਰ ਇਸ ਵਾਰ ਵੀ ਸ੍ਰੀ ਅਕਾਲ ਤਖਤ ਸਾਹਿਬ 'ਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਣ ਨਹੀਂ ਦਿੰਦੇ ਤਾਂ ਉਸ ਨੂੰ ਅਕਾਲ ਤਖਤ ਸਾਹਿਬ 'ਚ ਬਾਗੀ ਸਮਝਦੇ ਹੋਏ ਅੱਗੇ ਕਾਰਵਾਈ ਕੀਤੀ ਜਾਵੇਗੀ।
ਡੇਰਾ ਸੱਚਾ ਸੌਦਾ ਬਾਰੇ ਚੱਲ ਰਹੀ ਜਾਂਚ 'ਚ ਮੰਗੇ ਗਏ ਰਿਕਾਰਡ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕੋਈ ਰਿਕਾਰਡ ਨਾ ਦਿੱਤੇ ਜਾਣ ਬਾਰੇ 'ਚ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਰਿਕਾਰਡ ਮੰਗਿਆ ਹੀ ਨਹੀਂ ਗਿਆ।