
ਕੋਟਕਪੂਰਾ, 25 ਦਸੰਬਰ (ਗੁਰਿੰਦਰ ਸਿੰਘ) : ਪਰਜਾ ਮੰਡਲ ਲਹਿਰ 'ਚ ਅਹਿਮ ਯੋਗਦਾਨ ਪਾਉਣ ਵਾਲੇ ਤੇ ਗ਼ਰੀਬ ਪਰਵਾਰ 'ਚੋਂ ਉਠ ਕੇ ਰਾਸ਼ਟਰਪਤੀ ਦੀ ਕੁਰਸੀ ਤਕ ਪੁੱਜਣ ਵਾਲੇ ਸਵ. ਗਿਆਨੀ ਜ਼ੈਲ ਸਿੰਘ ਦੀ ਬਰਸੀ ਮੌਕੇ ਪਿੰਡ ਸੰਧਵਾਂ ਵਿਖੇ ਕੋਈ ਕਾਂਗਰਸੀ ਨਾ ਪੁੱਜਿਆ ਤੇ ਪਤਾ ਲੱਗਾ ਹੈ ਕਿ ਗਿਆਨੀ ਜ਼ੈਲ ਸਿੰਘ ਦੇ ਪਰਵਾਰਕ ਮੈਂਬਰਾਂ ਵਲੋਂ ਹੀ ਬਰਸੀ ਮਨਾਉਣ ਦੀਆਂ ਸਾਰੀਆਂ ਰਸਮਾਂ ਨਿਭਾਈਆਂ।ਨੇੜਲੇ ਪਿੰਡ ਸੰਧਵਾਂ ਵਿਖੇ ਕਿਸੇ ਸਮੇਂ ਗਿਆਨੀ ਜੀ ਦੀ ਬਰਸੀ ਮੌਕੇ ਮੁੱਖ ਮੰਤਰੀ ਸਮੇਤ ਸਮੇਂ ਦੀਆਂ ਸਰਕਾਰਾਂ ਦੇ ਅਹਿਮ ਮੰਤਰੀਆਂ, ਵਿਧਾਇਕਾਂ ਅਤੇ ਉੱਚ ਅਫ਼ਸਰਾਂ ਦੀਆਂ ਬੱਤੀਆਂ ਵਾਲੀਆਂ ਹੂਟਰ ਮਾਰਦੀਆਂ ਕਾਰਾਂ ਦੀ ਆਮਦ ਹੁੰਦੀ ਸੀ ਪਰ ਅੱਜ ਉਨ੍ਹਾਂ ਦੇ ਸਪੁੱਤਰ ਜੋਗਿੰਦਰ ਸਿੰਘ ਵਲੋਂ ਗਿਆਨੀ ਜੀ ਦੇ ਬੁੱਤ 'ਤੇ ਫੁੱਲ ਮਾਲਾਵਾਂ ਪਾ ਕੇ ਸ਼ਰਧਾਂਜਲੀ ਦਿਤੀ। ਉਨ੍ਹਾਂ ਮੰਨਿਆ ਕਿ ਗਿਆਨੀ ਜੀ ਦੀ ਰਾਜਨੀਤਕ ਜ਼ਿੰਦਗੀ ਬਹੁਤ ਸੰਘਰਸ਼ਮਈ ਰਹੀ, ਉਹ ਪਹਿਲੇ ਪੰਜਾਬੀ ਰਾਸ਼ਟਰਪਤੀ ਸਨ।ਗਿਆਨੀ ਜ਼ੈਲ ਸਿੰਘ ਦਾ ਜਨਮ 5 ਮਈ 1916 ਨੂੰ ਨੇੜਲੇ ਪਿੰਡ ਸੰਧਵਾਂ ਵਿਖੇ ਪਿਤਾ ਕ੍ਰਿਸ਼ਨ ਸਿੰਘ ਤੇ ਮਾਤਾ ਇੰਦਰ ਕੌਰ ਦੇ ਘਰ ਰਾਮਗੜ੍ਹੀਆ ਸਿੱਖ ਪਰਵਾਰ 'ਚ ਹੋਇਆ। ਉਹ ਰਾਜਨੀਤੀ ਪੱਖੋਂ ਨਹਿਰੂ ਪਰਵਾਰ ਨਾਲ ਜੁੜੇ ਹੋਏ ਸਨ, ਜਿਸ ਕਰ ਕੇ ਉਹ ਮੁੱਖ ਮੰਤਰੀ ਪੰਜਾਬ, ਕੇਂਦਰੀ ਮੰਤਰੀ ਤੋਂ ਇਲਾਵਾ ਰਾਸ਼ਟਰਪਤੀ ਦੇ ਉੱਚ ਅਹੁਦੇ ਤਕ ਪੁੱਜੇ। ਉਨ੍ਹਾਂ ਅਪਣੀ ਪਤਨੀ ਪ੍ਰਧਾਨ ਕੌਰ ਨਾਲ ਇਕ ਬੇਟਾ ਤੇ ਤਿੰਨ ਬੇਟੀਆਂ ਦਾ ਪਾਲਣ ਪੋਸ਼ਣ ਕੀਤਾ। ਮਾਤਾ ਜੀ ਦੇ ਦਿਹਾਂਤ ਕਰ ਕੇ ਗਿਆਨੀ ਜੀ ਦੀ ਮਾਸੀ ਨੇ ਉਨ੍ਹਾਂ ਨੂੰ ਪਾਲਿਆ। ਬਚਪਨ ਬਹੁਤ ਸੰਘਰਸ਼ਮਈ ਰਿਹਾ ਤੇ ਉਨਾਂ ਦੀ ਧਾਰਮਕ ਬਿਰਤੀ ਹੋਣ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮੁਹਾਰਤ ਪ੍ਰਾਪਤ ਕੀਤੀ। ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਗਰਾਮ 'ਚ ਅੰਗਰੇਜ਼ਾਂ ਵਿਰੁਧ ਪਰਜਾ ਮੰਡਲ ਪਾਰਟੀ ਦੇ ਗਠਨ ਕਰ ਕੇ 5 ਸਾਲ ਦੀ ਜੇਲ ਵੀ ਹੋਈ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਪੈਪਸੂ ਦਾ ਰਾਜ ਮੰਤਰੀ ਬਣਾਇਆ ਗਿਆ। ਸਾਲ 1951 'ਚ ਉਹ ਖੇਤੀਬਾੜੀ ਮੰਤਰੀ ਬਣੇ। 1956 ਤੋਂ 1962 ਤਕ ਰਾਜ ਸਭਾ ਦੇ ਮੈਂਬਰ ਰਹੇ। 1969 'ਚ ਇੰਦਰਾ ਗਾਂਧੀ ਨਾਲ ਉਨ੍ਹਾਂ ਦੇ ਪਾਰਟੀ ਕਾਰਨ ਚੰਗੇ ਸਬੰਧ ਬਣ ਗਏ ਤੇ 1972 'ਚ ਪੰਜਾਬ 'ਚ ਕਾਂਗਰਸ ਪਾਰਟੀ ਦੀ ਜਿੱਤ ਤੋਂ ਬਾਅਦ ਉਹ ਪੰਜਾਬ ਦੇ 5 ਸਾਲ ਮੁੱਖ ਮੰਤਰੀ ਬਣੇ। 1980 'ਚ ਉਨ੍ਹਾਂ ਲੋਕ ਸਭਾ ਦੀ ਮੈਂਬਰੀ ਹਾਸਲ ਕੀਤੀ ਤੇ ਭਾਰਤ ਦੇ ਗ੍ਰਹਿ ਮੰਤਰੀ ਬਣੇ। 1982 'ਚ ਉਨ੍ਹਾਂ ਨੂੰ ਭਾਰਤ ਦਾ ਸਰਵ-ਉੱਚ ਰਾਸ਼ਟਰਪਤੀ ਅਹੁਦਾ ਹਾਸਲ ਕੀਤਾ। ਉਹ 25 ਜੁਲਾਈ 1987 ਤਕ ਇਸ ਅਹੁਦੇ 'ਤੇ ਰਹੇ। ਉਨ੍ਹਾਂ ਦੀ ਗੱਡੀ 25 ਜੁਲਾਈ 1994 ਨੂੰ ਆਨੰਦਪੁਰ ਸਾਹਿਬ ਜਾਂਦੇ ਹੋਏ ਦੁਰਘਟਨਾਗ੍ਰਸਤ ਹੋ ਗਈ ਅਤੇ ਸਵਰਗਵਾਸ ਹੋ ਗਏ।ਗਿਆਨੀ ਜ਼ੈਲ ਸਿੰਘ ਦੇ ਪਰਵਾਰ ਵਿਚੋਂ ਲੱਗਦੇ ਪੌਤਰੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਹੈਰਾਨੀ ਪ੍ਰਗਟਾਈ ਕਿ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਗਿਆਨੀ ਜੀ ਦੇ ਜੱਦੀ ਪਿੰਡ ਵਿਖੇ ਕਿਸੇ ਕਾਂਗਰਸੀ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਦਾ ਸ਼ਰਧਾਂਜਲੀ ਦੇਣ ਲਈ ਨਾ ਪੁੱਜਣਾ ਬੜੇ ਅਫ਼ਸੋਸ ਦੀ ਗੱਲ ਹੈ। ਹਲਕਾ ਫ਼ਰੀਦਕੋਟ ਤੋਂ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਹਰ ਸਾਲ ਗਿਆਨੀ ਜੀ ਦੀ ਬਰਸੀ ਦਿੱਲੀ ਵਿਖੇ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ, ਜਿਥੇ ਕਾਂਗਰਸ ਪ੍ਰਧਾਨ ਸਮੇਤ ਸੀਨੀਅਰ ਕਾਂਗਰਸੀ ਆਗੂ ਗਿਆਨੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ ਅਤੇ ਕਈ ਵਾਰ ਤਾਂ ਗਿਆਨੀ ਜੀ ਦਾ ਸਮੁੱਚਾ ਪਰਵਾਰ ਵੀ ਦਿੱਲੀ ਵਾਲੇ ਸ਼ਰਧਾਂਜਲੀ ਸਮਾਗਮ 'ਚ ਹਾਜ਼ਰ ਹੁੰਦਾ ਹੈ।