
ਪਟਿਆਲਾ: ਨਾਭਾ ਵਿਖੇ ਦੇਰ ਰਾਤ ਤਕਰੀਬਨ ਡੇਢ ਵਜੇ ਸੜਕ ਹਾਦਸੇ ਵਿਚ ਐਂਬੂਲੈਂਸ ਦੇ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਪਸ਼ੂ ਨਾਲ ਟਕਰਾਉਣ ਕਾਰਨ ਸੜਕ ਹਾਦਸਾ ਵਾਪਰਿਆ ਹੈ। ਟੱਕਰ ਇੰਨੀ ਭਿਆਨਕ ਸੀ ਕਿ ਅਵਾਰਾ ਪਸ਼ੂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਐਂਬੂਲੈਂਸ ਬੇਕਾਬੂ ਹੋ ਕੇ ਇੱਕ ਬਿਜਲੀ ਦੇ ਖੰਬੇ ਨਾਲ ਜਾ ਟਕਰਾਈ ਅਤੇ ਇਹ ਐਂਬੂਲੈਂਸ ਬਰਨਾਲਾ ਤੋਂ ਪੀ.ਜੀ.ਆਈ ਚੰਡੀਗੜ੍ਹ ਜਾ ਰਹੀ ਸੀ ਅਤੇ ਜਿਸ 'ਚ ਦੋ ਗੰਭੀਰ ਹਾਲਤ 'ਚ ਮਰੀਜ਼ ਸਨ, ਜਿਸ 'ਚ ਕੁੱਲ 7 ਲੋਕ ਸਵਾਰ ਸਨ।
ਇਸ ਹਾਦਸੇ ਵਿਚ ਐਂਬੂਲੈਂਸ ਦੇ ਡਰਾਇਵਰ ਦੀਆਂ ਲੱਤਾਂ ਟੁੱਟ ਗਈਆਂ, ਜਿਸ ਨੂੰ ਬਾਹਰ ਕੱਢਣ ਲਈ ਐਂਬੂਲੈਂਸ ਦੀ ਤਾਕੀ ਤੋੜਨੀ ਪਈ। ਗਨੀਮਤ ਇਹ ਰਹੀ ਕਿ ਜਿਸ ਖੰਭੇ ਨਾਲ ਐਂਬੂਲੈਂਸ ਟਕਰਾਈ ਉਸ ਖੰਭੇ ਦੀਆਂ ਤਾਰਾਂ 11 ਕੇ.ਵੀ ਦੀਆਂ ਸਨ ਅਤੇ ਜੇਕਰ ਬਿਜਲੀ ਮੌਕੇ 'ਤੇ ਬੰਦ ਨਾ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਮੌਕੇ 'ਤੇ ਨਾਭਾ ਦੀ 108 ਐਂਬੂਲੈਂਸ ਦੀ ਸਹਾਇਤਾ ਨਾਲ ਸਾਰਿਆਂ ਨੂੰ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਅਤੇ ਦੋ ਮਰੀਜ ਜਿਨ੍ਹਾਂ ਦੀ ਹਾਲਤ ਗੰਭੀਰ ਸੀ, ਉਨ੍ਹਾਂ ਨੂੰ ਪੀ.ਜੀ.ਆਈ ਰੈਫਰ ਕੀਤਾ ਗਿਆ।
ਇਸ ਮੌਕੇ 'ਤੇ ਬਿਜਲੀ ਵਿਭਾਗ ਦੇ ਜੇ.ਈ ਹਰਬੰਸ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅਵਾਰਾ ਪਸ਼ੂ ਸਾਹਮਣੇ ਆ ਜਾਣ ਨਾਲ ਵਾਪਰਿਆ ਹੈ ਜਿਸ ਕਾਰਨ ਐਂਬੂਲੈਂਸ ਬੇਕਾਬੂ ਹੋ ਕੇ ਬਿਜਲੀ ਦੇ ਪੋਲ ਨਾਲ ਟਕਰਾ ਗਈ ਅਤੇ ਵੱਡਾ ਹਾਦਸਾ ਹੋਣੋ ਬਚ ਗਿਆ।
ਇਸ ਮੌਕੇ ਨਾਭਾ ਦੇ 108 ਐਂਬੂਲੈਂਸ ਦੇ ਡਰਾਇਵਰ ਗੁਰਜੰਟ ਸਿੰਘ ਨੇ ਕਿਹਾ ਕਿ ਹਾਦਸੇ ਵਿਚ ਐਂਬੂਲੈਂਸ ਦੇ ਡਰਾਇਵਰ ਦੀਆਂ ਲੱਤਾਂ ਟੁੱਟ ਗਈਆਂ ਅਤੇ ਇਹ ਬਰਨਾਲੇ ਦੀ ਐਂਬੂਲੈਂਸ ਸੀ ਜੋ ਐਕਸੀਡੈਂਟ ਦੇ ਮਰੀਜਾਂ ਨੂੰ ਲੈ ਕੇ ਚੰਡੀਗੜ੍ਹ ਜਾ ਰਹੀ ਸੀ।
ਇਹ ਅਵਾਰਾ ਪਸ਼ੂ ਹਰ ਦਿਨ ਮੌਤ ਦਾ ਕਾਰਣ ਬਣਦੇ ਜਾ ਰਹੇ ਹਨ। ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਲਿਆਵੇਵ ਤਾਂ ਜੋ ਅਜਿਹੇ ਹਾਦਸੇ ਮੌਤ ਦਾ ਕਾਰਣ ਨਾ ਬਣਨ।