
ਇੰਦਰਪ੍ਰੀਤ ਸਿੰਘ ਚੱਢਾ ਦਾ ਅੰਤਮ ਸਸਕਾਰ
ਅੰਮ੍ਰਿਤਸਰ, 5 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਬਹੁਚਰਚਿਤ ਤੇ ਮੁਸ਼ਕਲਾਂ 'ਚ ਘਿਰੇ ਚੱਢਾ ਪਰਵਾਰ ਦੇ ਫ਼ਰਜ਼ੰਦ ਇੰਦਰਪ੍ਰੀਤ ਸਿੰਘ ਚੱਢਾ (55) ਦਾ ਅੰਤਮ ਸਸਕਾਰ ਸਥਾਨਕ ਚਾਟੀਵਿੰਡ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਬੜੇ ਗਮਗੀਨ ਮਾਹੌਲ 'ਚ ਕਰ ਦਿਤਾ ਗਿਆ। ਇਸ ਦਰਦਨਾਕ ਕਾਂਡ ਲਈ ਜ਼ਿੰਮੇਵਾਰ ਤੇ ਰੂਪੋਸ਼ ਹੋਏ ਚੀਫ਼ ਖ਼ਾਲਸਾ ਦੀਵਾਨ ਦੇ ਬਰਖਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਬੇਟੇ ਦੇ ਅੰਤਮ ਦਰਸ਼ਨ ਕਰਨ ਤੇ ਚਿਖਾ ਨੂੰ ਅਗਨੀ ਦੇਣ ਲਈ ਪੁੱਜੇ ਹੋਏ ਸਨ। ਇੰਦਰਪ੍ਰੀਤ ਸਿੰਘ ਚੱਢਾ ਦੀ ਮ੍ਰਿਤਕ ਦੇਹ ਵਾਲੀ ਗੱਡੀ ਸਥਾਨਕ ਗਰੀਨ ਐਵੀਨਿਊ ਘਰ ਤੋਂ ਸ਼ਹਿਰ ਦੇ ਵੱਖ ਵੱਖ ਚੌਕਾਂ ਤੋਂ ਲੰਘਦੀ ਹੋਈ ਜਦ ਸਮਸ਼ਾਨ ਘਾਟ ਪੁੱਜੀ ਤਾਂ ਉਥੇ ਮੌਜੂਦ ਸਮੂਹ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਚਰਨਜੀਤ ਸਿੰਘ ਚੱਢਾ ਸਮੇਤ ਸਮੂਹ ਪਰਵਾਰਕ ਮੈਂਬਰ ਤੇ ਨਜ਼ਦੀਕੀ ਰਿਸ਼ਤੇਦਾਰ ਭੁੱਬਾਂ ਮਾਰ ਕੇ ਰੋਏ ਅਤੇ ਹੰਝੂਆਂ ਭਰੀ ਵਿਦਾਇਗੀ ਇੰਦਰਪ੍ਰੀਤ ਸਿੰਘ ਚੱਢਾ ਨੂੰ ਦਿਤੀ। ਇਸ ਮੌਕੇ ਧਰਮ ਸਿੰਘ ਅਰਦਾਸੀਆ ਨੇ ਅਰਦਾਸ ਕੀਤੀ। ਉਪਰੰਤ ਚਰਨਜੀਤ ਸਿੰਘ ਚੱਢਾ ਨੇ ਮ੍ਰਿਤਕ ਦੇ ਵੱਡੇ ਬੇਟੇ ਨਾਲ ਚਿਖਾ ਨੂੰ ਅਗਨੀ ਵਿਖਾਈ।
ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ 'ਚ ਕਾਂਗਰਸ ਆਗੂ ਓਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ ਦੋਵੇਂ ਐਮ.ਐਲ.ਏ., ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਭਾਜਪਾ ਆਗੂ ਰਾਜਿੰਦਰਮੋਹਨ ਸਿੰਘ ਛੀਨਾ ਆਨਰੇਰੀ ਸਕੱਤਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ, ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਸਾਬਕਾ ਐਮ.ਐਲ.ਏ., ਕਾਂਗਰਸ ਆਗੂ ਤੇਜਿੰਦਰ ਸਿੰਘ ਬਿੱਟੂ ਜਲੰਧਰ, ਰਾਜਿੰਦਰ ਢੋਕੇ ਪੁਲਿਸ ਕਮਿਸ਼ਨਰ ਲੁਧਿਆਣਾ, ਪ੍ਰਿੰਸੀਪਲ ਜਸਵਿੰਦਰ ਸਿੰਘ ਢਿੱਲੋਂ, ਸੰਤੋਖ ਸਿੰਘ ਸੇਠੀ, ਨਰਿੰਦਰ ਸਿੰਘ ਖੁਰਾਣਾ ਆਨਰੇਰੀ ਸਕੱਤਰ ਚੀਫ਼ ਖ਼ਾਲਸਾ ਦੀਵਾਨ ਤੋਂ ਇਲਾਵਾ ਪਰਵਾਰ ਰਿਸ਼ਤੇਦਾਰ ਅਤੇ ਵੱਖ-ਵੱਖ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਪੁੱਜੀਆਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਸ਼ਹਿਰ ਦੀ ਮੰਨੀ ਜਾਂਦੀ ਰਹੀ ਅਹਿਮ ਹਸਤੀ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਦੀ ਅੰਤਿਮ ਯਾਤਰਾ 'ਚ ਕੋਈ ਵੀ ਵੀ.ਆਈ.ਪੀ. ਨਹੀਂ ਪੁੱਜਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਿਆਸੀ ਤੇ ਧਾਰਮਕ ਸ਼ਖ਼ਸੀਅਤਾਂ ਵੀ ਦੂਰੀ ਬਣਾ ਕੇ ਰੱਖੀ।