
ਚੰਡੀਗੜ੍ਹ, 23 ਫ਼ਰਵਰੀ (ਨੀਲ ਭਲਿੰਦਰ ਸਿੰਘ): ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਸਾਜ਼ਸ਼ ਘਾੜਾ ਅਤੇ ਹਾਲ ਹੀ ਵਿਚ ਪੁਲਿਸ ਮੁਕਾਬਲੇ 'ਚ ਮਾਰੇ ਗਏ 'ਏ-ਕੈਟਾਗਰੀ' ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਹਾਂਗਕਾਂਗ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੇ ਸੰਗਠਤ ਅਪਰਾਧ ਕੰਟਰੋਲ ਯੂਨਿਟ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ 'ਰੋਜ਼ਾਨਾ ਸਪੋਕਸਮੈਨ' ਕੋਲ ਫ਼ੋਨ ਉਤੇ ਇਸ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਰੋਮੀ ਦੀ ਗ੍ਰਿਫ਼ਤਾਰੀ ਹਾਂਗਕਾਂਗ ਪੁਲਿਸ ਵਲੋਂ ਕਰੀਬ ਦੋ ਦਿਨ ਪਹਿਲਾਂ ਕੀਤੀ ਹੈ, ਇੰਟਰਪੋਲ ਜਰੀਏ ਭਾਰਤ ਨੂੰ ਸੂਚਨਾ ਮਿਲਣ ਮਗਰੋਂ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਹੈ ਜਿਸ ਮਗਰੋਂ ਪੰਜਾਬ ਪੁਲਿਸ ਵਲੋਂ ਰੋਮੀ ਦੀ ਸਪੁਰਦਗੀ ਹਿੱਤ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਾਇਮ ਕਰਦੇ ਹੋਏ ਲੋੜੀਂਦੀ ਕਾਰਵਾਈ ਆਰੰਭ ਦਿਤੀ ਹੈ। ਉਨ੍ਹਾਂ ਦਸਿਆ ਕਿ ਰੋਮੀ ਦੀ ਨਾਭਾ ਜੇਲ ਬ੍ਰੇਕ ਅਤੇ ਚੋਰੀ, ਅਸਲਾ ਤੇ ਕਰੈਡਿਟ ਕਾਰਡ ਧੋਖਾਧੜੀ ਦੇ ਦੋ ਕੇਸਾਂ 'ਚ ਪਹਿਲਾਂ ਹੀ ਭਾਲ ਸੀ, ਜਿਸ ਤਹਿਤ ਰੈੱਡ ਕਾਰਨਰ ਨੋਟਿਸ ਵੀ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈ। ਉਧਰ ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਵੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ 26 ਜਨਵਰੀ ਨੂੰ ਅਪਣੇ ਦੋ ਸਾਥੀਆਂ ਸਣੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿਕੀ ਗੌਂਡਰ ਨੂੰ ਹਾਲ ਹੀ ਵਿਚ ਅਪਣੇ ਨਜ਼ਦੀਕੀ ਸਾਥੀ ਅਤੇ ਹੈਂਡਲਰ ਰਮਨਜੀਤ ਸਿੰਘ ਉਰਫ਼ ਰੋਮੀ (ਹਾਂਗਕਾਂਗ) ਰਾਹੀਂ ਪਾਕਿਸਤਾਨ ਤੋਂ ਸਵੈਚਾਲਿਤ ਅਸਾਲਟ ਰਾਈਫ਼ਲ ਦੀ ਸਪੁਰਦਗੀ ਪ੍ਰਾਪਤ ਹੋਈ ਸੀ ਜਿਸ ਦੀ ਪੰਜਾਬ ਪੁਲਿਸ ਨੂੰ ਵੀ ਭਾਲ ਸੀ ਅਤੇ ਦੋਸ਼ੀ ਰਮਨਜੀਤ ਸਿੰਘ ਵਿਰੁਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਰੋਮੀ ਦੀ 2016/2017 ਵਿਚ ਲੁਧਿਆਣਾ ਅਤੇ ਜਲੰਧਰ ਵਿਚ ਮਿੱਥ ਕੇ ਕੀਤੀਆਂ ਹਤਿਆਵਾਂ ਵਿਚ ਵੀ ਸੰਭਾਵੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਪਿਛਲੇ ਸਾਲ ਫ਼ਫਰਵਰੀ ਵਿਚ ਗ੍ਰਿਫ਼ਤਾਰ ਕੀਤੇ ਤਿੰਨ ਗੈਂਗਸਟਰਾਂ 'ਚ ਸ਼ਾਮਲ ਗੁਰਪ੍ਰੀਤ ਸੇਖੋਂ ਵਲੋਂ ਪੁਲਿਸ ਪੁੱਛਗਿਛ ਦੌਰਾਨ ਇਹ ਪ੍ਰਗਟਾਵਾ ਕੀਤਾ ਸੀ ਕਿ ਰੋਮੀ ਨੇ ਹੀ ਨਾਭਾ ਜੇਲ ਬ੍ਰੇਕ ਕਾਂਡ ਲਈ ਪੈਸਾ ਮੁਹਈਆ ਕਰਵਾਇਆ ਸੀ ਅਤੇ ਉਸ ਨੇ ਹਾਂਗਕਾਂਗ ਵਿਚ ਇਕ 'ਕੰਟਰੋਲ ਰੂਮ' ਸਥਾਪਤ ਇੰਟਰਨੇਟ ਟੈਲੀਫ਼ੋਨੀ ਦੀ ਵਰਤੋਂ ਕਰ ਜੇਲ ਤੋੜ ਕੇ ਫ਼ਰਾਰ ਹੋਣ ਤਕ ਦੀ ਰੂਪਰੇਖਾ ਘੜੀ ਸੀ। ਪੁੱਛਗਿਛ ਦੌਰਾਨ ਸੇਖੋਂ ਦੇ ਇਨ੍ਹਾਂ ਪ੍ਰਗਟਾਵਿਆਂ ਮਗਰੋਂ ਤੋਂ ਹੀ ਪੰਜਾਬ ਪੁਲਿਸ ਨੇ ਰੋਮੀ ਨੂੰ ਕਾਬੂ ਕਰਨ ਲਈ ਇੰਟਰਪੋਲ ਨਾਲ ਰਾਬਤਾ ਸਾਧ ਲਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਂਗਕਾਂਗ ਪੁਲਿਸ ਨੇ ਰੋਮੀ ਨੂੰ ਇਕ ਡਕੈਤੀ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਬਠਿੰਡਾ ਨਿਵਾਸੀ ਰੋਮੀ ਇਕ ਕੇਸ 'ਚ ਜ਼ਮਾਨਤ ਮਿਲਣ ਤੋਂ ਮਗਰੋਂ ਹੀ ਪਾਸਪੋਰਟ ਹਾਸਲ ਕਰਨ 'ਚ ਕਾਮਯਾਬ ਹੋ ਜੂਨ 2016 ਵਿਚ ਹਾਂਗਕਾਂਗ ਜਾਣ 'ਚ ਸਫ਼ਲ ਹੋ ਗਿਆ ਸੀ। ਉਸ ਨੂੰ ਨਾਭਾ ਪੁਲਿਸ ਵਲੋਂ ਹੀ ਚੋਰੀ ਕੀਤੀਆਂ ਕਾਰਾਂ, ਪਿਸਟਲ ਅਤੇ ਨਕਲੀ ਕਰੇਡਿਟ ਕਾਰਡ ਕੋਲ ਵਲੋਂ ਬਰਾਮਦ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦਾ ਪਾਸਪੋਰਟ ਜਬਤ ਕਰ ਲਿਆ ਸੀ। ਜਿਸ ਮਗਰੋਂ ਉਸ ਨੇ ਨਾਭਾ ਜੇਲ ਬ੍ਰੇਕ ਕਾਂਡ ਦੀ ਸਾਜ਼ਸ਼ ਰਚੀ। ਦਸਣਯੋਗ ਹੈ ਕਿ ਨਵੰਬਰ 2016 ਵਿਚ ਨਾਭਾ ਜੇਲ ਤੋੜ ਵਿੱਕੀ ਗੌਂਡਰ ਸਮੇਤ ਕੁਲ ਪੰਜ ਕੈਦੀ ਫ਼ਰਾਰ ਹੋ ਗਏ ਸਨ।