
ਅੰਮ੍ਰਿਤਸਰ, 22 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵੱਖ-ਵੱਖ ਨਗਰ ਨਿਗਮ 'ਚ ਮੇਅਰ ਚੁਣਨ ਸਬੰਧੀ ਭਰੋਸੇ 'ਚ ਨਾ ਲੈਣ ਤੇ ਉਹ ਖਫ਼ਾ ਹਨ, ਜਿਨ੍ਹਾਂ ਪੱਤਰਕਾਰ ਸੰਮੇਲਨ 'ਚ ਇਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਕਿਹੜੇ ਜ਼ਿਲ੍ਹੇ ਦਾ ਕੌਣ ਮੇਅਰ ਬਣ ਰਿਹਾ ਹੈ? ਸ. ਸਿੱਧੂ ਦੀ ਨਰਾਜਗੀ ਕਾਂਗਰਸ ਹਾਈ ਕਮਾਂਡ ਅਤੇ ਕੈਪਟਨ ਸਰਕਾਰ ਲਈ ਸਿਰਦਰਦੀ ਬਣ ਸਕਦੀ ਹੈ। ਸ੍ਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਬਿਨਾਂ ਬੁਲਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਕ ਸਥਾਨਾਂ 'ਤੇ ਜਾ ਸਕਦੇ ਹਨ ਹੋਰ ਕਿਸੇ ਵੀ ਥਾਂ ਨਹੀਂ ਜਾਂਦੇ ਜਿਥੇ ਉਨ੍ਹਾਂ ਦੀ ਕਦਰ ਨਾ ਹੋਵੇ। ਸ. ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਗੁਰੂ ਨਗਰੀ ਅੰਮ੍ਰਿਤਸਰ ਦਾ ਮੇਅਰ ਬਣਾਉਣ ਲਈ ਵੀ ਉਨ੍ਹਾਂ ਨੂੰ ਕੋਈ ਪਤਾ ਨਹੀਂ ਭਾਵੇਂ ਕਿ ਇਹ ਮੇਰਾ ਅਪਣਾ ਜਿਲ੍ਹਾ ਹੈ, ਜਿੱਥੋ ਉਹ ਲੋਕ ਸਭਾ ਤੇ ਵਿਧਾਨ ਸਭਾ ਲਈ ਚੁਣੇ ਗਏ ਹਨ।
ਦਸਣਯੋਗ ਹੈ ਕਿ ਅੱਜ ਸੋਮਵਾਰ ਨਗਰ ਨਿਗਮ ਦੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਲਈ ਕਾਂਗਰਸ ਹਾਈ ਕਮਾਂਡ ਨੇ ਹਦਾਇਤ ਕਰਦਿਆਂ ਇਹ ਵੀ ਕਿਹਾ ਹੈ ਕਿ ਉਹ ਵੱਖ-ਵੱਖ ਸ਼ਹਿਰਾਂ ਦੇ ਮੇਅਰ ਬਣਾਉਣ ਲਈ ਸਰਬਸੰਮਤੀ ਕਰਨ ਨੂੰ ਤਰਜੀਹ ਦੇਣ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅਪਣੇ ਹਲਕਾ ਪੂਰਬੀ ਵਿਚ ਹੀ ਨਿਗਮ ਚੋਣਾਂ ਸਮੇਂ ਚੋਣ ਮੁਹਿੰਮ ਕੀਤੀ ਸੀ। ਉਸ ਨੂੰ ਕਿੱਤੇ ਵੀ ਪੰਜਾਬ ਵਿਚ ਚੋਣ ਮੁਹਿੰਮ ਕਰਨ ਲਈ ਨਹੀਂ ਕਿਹਾ ਗਿਆ। ਸ੍ਰ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਅੰਮ੍ਰਿਤਸਰ ਦਾ ਜਾ ਕਿਸੇ ਹੋਰ ਸ਼ਹਿਰ ਦਾ ਮੇਅਰ ਬਣਾਉਣ ਲਈ ਕੇਵਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਜਾਣਦੇ ਹਨ।