
ਸ੍ਰੀ ਅਨੰਦਪੁਰ ਸਾਹਿਬ, 28 ਫ਼ਰਵਰੀ (ਸੁਖਵਿੰਦਰ ਪਾਲ ਸਿੰਘ ਸੁੱਖੂ) : ਹੋਲੇ ਮਹੱਲੇ ਦੇ ਪਹਿਲੇ ਦਿਨ ਅੱਜ ਕਿਲ੍ਹਾ ਅਨੰਦਗੜ੍ਹ ਤੋਂ ਪੰਜ ਪਿਆਰਾ ਪਾਰਕ ਵੱਲ ਜਾਂਦੀ ਸੜਕ 'ਚ ਸਥਿਤ ਵਿਰਾਸਤ-ਏ-ਖਾਲਸਾ ਦੇ ਬਾਹਰ ਅੱਧੀ ਦਰਜਨ ਨਿਹੰਗ ਸਿੰਘ ਬਾਣੇ 'ਚ ਘੁੰਮ ਰਹੇ ਨੌਜਵਾਨਾਂ ਵਲੋਂ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਕੁੱਟਮਾਰ ਅਤੇ ਧੱਕਾਮੁੱਕੀ ਹੀ ਨਹੀਂ ਕੀਤੀ ਬਲਕਿ ਨੰਗੀਆਂ ਤਲਵਾਰਾਂ ਦੇ ਨਾਲ ਪੁਲਿਸ ਜਵਾਨਾਂ 'ਤੇ ਹਮਲਾ ਵੀ ਕਰ ਦਿੱਤਾ।ਅੱਜ ਨੌਜਵਾਨਾਂ ਦੀ ਭੀੜ ਵਲੋਂ ਪਹਿਲਾਂ ਸਵੇਰੇ ਇਕ ਮਹਿਲਾ ਪੁਲਿਸ ਮੁਲਾਜ਼ਮ ਦੇ ਨਾਲ ਬਦਸਲੂਕੀ ਅਤੇ ਖਿੱਚਧੂਹ ਕੀਤੀ ਗਈ। ਬਾਅਦ ਵਿਚ ਦੋ ਨੌਜੁਆਨ ਪੁਲਿਸ ਮੁਲਾਜ਼ਮਾਂ ਦੇ 'ਤੇ ਹਮਲਾ ਕਰ ਦਿਤਾ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਪੱਗਾਂ ਵੀ ਉਤਰ ਗਈਆਂ ਅਤੇ ਸੱਟਾਂ ਵੀ ਲੱਗੀਆਂ। ਜਿਸਤੋਂ ਬਾਅਦ ਮਾਮਲਾ ਵਿਗੜਦਾ ਵੇਖ ਸ੍ਰੀ ਅਨੰਦਪੁਰ ਸਾਹਿਬ ਦੇ ਐਸ.ਐਚ.ਓ. ਹਰਕੀਰਤ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਪਰ ਇਸ ਦੌਰਾਨ ਇਕ ਨਿਹੰਗ ਸਿੰਘ ਬਾਣੇ 'ਚ ਆਏ ਨੌਜਵਾਨ ਨੇ ਦੂਸਰੇ ਸਾਥੀ ਨੂੰ ਪੁਲਿਸ ਮੁਲਾਜ਼ਮਾਂ ਦੇ ਹੱਥੋਂ ਛੁਡਵਾਉਣ ਲਈ ਅਪਣੀ ਤਲਵਾਰ ਦੇ ਨਾਲ ਪੁਲਿਸ ਮੁਲਾਜ਼ਮਾਂ 'ਤੇ ਵਾਰ ਕਰਨੇ ਸ਼ੁਰੂ ਕਰ ਦਿਤੇ। ਪੁਲਿਸ ਦੀ ਗੱਡੀ ਦੇ ਡਰਾਈਵਰ 'ਤੇ ਵੀ ਨੰਗੀ ਤਲਵਾਰ ਦੇ ਨਾਲ ਜ਼ਬਰਦਸਤ ਹਮਲਾ ਕੀਤਾ ਗਿਆ ਪਰ ਸ਼ੀਸ਼ਾ ਬੰਦ ਹੋਣ ਕਰ ਕੇ ਉਹ ਵਾਲ-ਵਾਲ ਬੱਚ ਗਿਆ। ਐਸ.ਐਚ.ਓ ਹਰਕੀਰਤ ਸਿੰਘ ਅਤੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਬੁਹਤ ਹੀ ਦਲੇਰੀ ਦੇ ਨਾਲ ਅਪਣੇ ਪੁਲਿਸ ਮੁਲਾਜ਼ਮਾਂ ਨੂੰ ਬਚਾਇਆ ਅਤੇ ਹੁਲੜਬਾਜ਼ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇੰਨੇ ਨੂੰ ਨੰਗੀ ਤਲਵਾਰ ਵਾਲਾ ਨੌਜਵਾਨ ਪੁਲਿਸ ਹੱਥੋਂ ਭੱਜ ਗਿਆ। ਉਧਰ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ਜਦਕਿ ਹਮਲਾ ਕਰਨ ਵਾਲੇ ਨੌਜਵਾਨ ਪੁਲਿਸ ਦੀ ਗ੍ਰਿਫਤ 'ਚੋ ਅਜੇ ਬਾਹਰ ਦੱਸੇ ਜਾ ਰਹੇ ਹਨ।