
ਜਲੰਧਰ , 27 ਜਨਵਰੀ ( ਅਮਰਿੰਦਰ ਸਿੱਧੂ )- 'ਜਿੱਥੇ ਚਾਹ, ਉਥੇ ਰਾਹ' ਕਹਾਵਤ ਨੂੰ ਯਕੀਨੀ ਬਣਾਉਂਦਿਆਂ ਲਵਲੀ ਪ੍ਰੋਫੈਸ਼ਨਲ ਯੂਨਿਵਰਸਟੀ ਦੇ ਸਪਾਈਨਲ ਕਾਰਡ ਇੰਜਰੀ ਤੋਂ ਪ੍ਰਭਾਵਤ ਇਕ ਵਿਦਿਆਰਥੀ ਮੁਹੰਮਦ ਗੁਲਜ਼ਾਰ ਸ਼ੇਖ ਨੇ ਰਾਸ਼ਟਰੀ ਪੱਧਰ 'ਤੇ ਕਾਂਸੀ ਦਾ ਤਮਗ਼ਾ ਜਿੱਤ ਕੇ ਨਾ ਸਿਰਫ਼ ਅਪਣੇ, ਸਗੋਂ ਯੂਨਿਵਰਸਟੀ ਤੇ ਪੰਜਾਬ ਲਈ ਵੀ ਮਾਣ ਹਾਸਲ ਕੀਤਾ ਹੈ। ਇਹ ਮੌਕਾ ਹੈਦਰਾਬਾਦ ਦੇ ਕੇ.ਵੀ.ਬੀ.ਆਰ. ਇੰਡੋਰ ਸਟੇਡੀਅਮ 'ਚ ਕਰਵਾਈ 5 ਦਿਨੀਂ ਚੌਥੇ ਨੈਸ਼ਨਲ ਵਹੀਲਚੇਅਰ ਬਾਸਕਿਟਬਾਲ (ਮੈਨ) ਚੈਂਪੀਅਨਸ਼ਿਪ ਦਾ ਸੀ। ਹਾਲਾਂਕਿ ਗੁਲਜ਼ਾਰ ਮੁੰਬਈ ਦਾ ਰਹਿਣ ਵਾਲਾ ਹੈ ਪਰ ਹਾਲ 'ਚ ਐਲ.ਪੀ.ਯੂ. ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ 'ਚ ਡਿਪਲੋਮੇ ਦਾ ਵਿਦਿਆਰਥੀ ਹੋਣ ਦੇ ਨਾਤੇ ਉਸ ਨੇ ਚੈਂਪਿਅਨਸ਼ਿਪ ਲਈ ਪੰਜਾਬ ਰਾਜ ਦੀ ਤਰਜ਼ਮਾਨੀ ਕੀਤੀ ਸੀ। ਇਸ ਚੈਂਪਿਅਨਸ਼ਿਪ ਦਾ ਆਯੋਜਨ ਵਹੀਲਚੇਅਰ ਬਾਸਕਿਟਬਾਲ ਫ਼ੈਡਰੇਸ਼ਨ ਆਫ਼ ਇੰਡੀਆ (ਡਬਲਿਊ.ਬੀ.ਐਫ਼.ਆਈ.) ਵਲੋਂ ਕੀਤਾ ਗਿਆ ਸੀ, ਜਿਸ ਦੇ ਮੁੱਖ ਮਹਿਮਾਨ ਸਾਬਕਾ ਕ੍ਰਿਕੇਟਰ ਵਰਿੰਦਰ ਸਹਿਵਾਗ ਸਨ।5 ਦਿਨੀਂ ਟੂਰਨਾਮੈਂਟ ਦੌਰਾਨ ਮੁਕਾਬਲੇ 'ਚ 14 ਸੂਬਿਆਂ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ ਸਨ, ਜਿਨ੍ਹਾਂ 'ਚ ਜੇ.ਐਂਡ.ਕੇ, ਪੰਜਾਬ, ਦਿੱਲੀ, ਯੂ.ਪੀ., ਹਰਿਆਣਾ, ਮਹਾਰਾਸ਼ਟਰ, ਤਮਿਲਨਾਡੂ, ਕਰਨਾਟਕ, ਕੇਰਲ, ਬਿਹਾਰ, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਉੜੀਸਾ ਸ਼ਾਮਲ ਸਨ। ਚੈਂਪੀਅਨਸ਼ਿਪ 'ਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ 25 ਹਜ਼ਾਰ, 15 ਹਜ਼ਾਰ ਤੇ 10 ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਦਿਤੇ ਗਏ।
ਗੁਲਜ਼ਾਰ ਨੂੰ ਸ਼ਾਨਦਾਰ ਜਿੱਤ 'ਤੇ ਵਧਾਈ ਦਿੰਦਿਆਂ ਐਲ.ਪੀ.ਯੂ. ਦੀ ਪ੍ਰੋ. ਚਾਂਸਲਰ ਸ੍ਰੀਮਤੀ ਰਸ਼ਮੀ ਮਿੱਤਲ ਨੇ ਉਸ ਨੂੰ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਦਿਤੀਆਂ। ਸ਼੍ਰੀਮਤੀ ਮਿੱਤਲ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਨੈਸ਼ਨਲ ਵਹੀਲਚੇਅਰ ਚੈਂਪੀਅਨਸ਼ਿਪ ਦੌਰਾਨ ਸਾਡੇ ਇਕ ਵਿਦਿਆਰਥੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅਜਿਹੇ ਆਯੋਜਨਾਂ ਤੇ ਉਨ੍ਹਾਂ 'ਚ ਹਿੱਸੇਦਾਰੀ ਨਾਲ ਸਾਡੇ ਸਮਾਜ 'ਚ ਇਕ ਮਹਾਨ ਬਦਲਾਅ ਦੇਖਣਾ ਚਾਹੁੰਦੇ ਹਾਂ। ਗੁਲਜ਼ਾਰ ਦਾ ਕਹਿਣਾ ਹੈ ਕਿ ਐਲ.ਪੀ.ਯੂ. ਨੇ ਮੇਰਾ ਸਹੀ ਮਾਰਗਦਰਸ਼ਨ ਕੀਤਾ ਹੈ ਤੇ ਮੈਨੂੰ ਨਾ ਸਿਰਫ਼ ਖੇਡਾਂ 'ਚ ਅਪਣੀ ਦਿਲਚਸਪੀ ਵਧਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ ਸਗੋਂ ਮੇਰੀ ਸਿੱਖਿਆ ਤੇ ਭਵਿੱਖ ਦੇ ਕੈਰੀਅਰ ਵੱਲ ਵੀ ਭਰਪੂਰ ਯੋਗਦਾਨ ਦਿਤਾ ਹੈ।ਮੈਂ ਐਲਪੀਯੂ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ ਜੋ ਮੇਰੇ ਜਿਹੇ ਕਈ ਹੋਰ ਵਿਦਿਆਰਥੀਆਂ ਦੇ ਪ੍ਰਤੀ ਬੜੀ ਲਗਨਸ਼ੀਲ ਹੈ ਅਤੇ ਪ੍ਰੇਰਿਤ ਕਰਦੀ ਰਹਿੰਦੀ ਹੈ ਤਾਂ ਜੋ ਅਸੀਂ ਸਾਰੇ ਆਪਣੀ ਇੱਛਾਵਾਂ ਅਨੁਸਾਰ ਜੀਵਨ ਜੀ ਸਕੀਏ। ਸਪਾਈਨਲ ਕਾੱਰਡ ਇੰਜਰੀ ਤੋਂ ਪ੍ਰਭਾਵਿਤ ਹੁੰਦਿਆਂ ਵੀ ਮੇਰੇ ਜਿਹੇ ਕਈ ਹੋਰ ਵਿਦਿਆਰਥੀ ਵੀ ਕੈਂਪਸ 'ਚ ਹਰ ਤਰ੍ਹਾਂ ਦੀ ਮੁਫਤ ਸੁਵਿਧਾ ਦਾ ਭਰਪੂਰ ਲਾਭ ਉਠਾ ਰਹੇ ਹਨ।'