
ਚੰਡੀਗੜ੍ਹ, 4 ਜਨਵਰੀ : ਸਾਰੇ ਪੰਜਾਬ ਅਤੇ ਹਰਿਆਣਾ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਅੱਜ ਖੇਤਰ ਵਿਚ ਸੰਘਣਾ ਧੁੰਦ ਛਾਈ ਰਹੀ ਅਤੇ ਆਮ ਜਨਜੀਵਨ 'ਤੇ ਡਾਢਾ ਅਸਰ ਪਿਆ। ਰੇਲ ਸੇਵਾਵਾਂ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਤ ਰਹੀਆਂ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਪਿਆ। ਦੋਹਾਂ ਰਾਜਾਂ ਵਿਚ ਸੀਤ ਲਹਿਰ ਚੱਲਣ ਕਾਰਨ ਤਾਪਮਾਨ ਵਿਚ ਹੋਰ ਗਿਰਾਵਟ ਵੇਖੀ ਗਈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਦੇ ਨਾਰਨੌਲ ਅਤੇ ਪੰਜਾਬ ਦੇ ਬਠਿੰਡਾ ਵਿਚ ਲਗਾਤਾਰ ਸੀਤ ਲਹਿਰ ਚੱਲ ਰਹੀ ਹੈ। ਨਾਰਨੌਲ ਵਿਚ ਪਾਰਾ 1.5 ਡਿਗਰੀ ਅਤੇ ਬਠਿੰਡਾ ਵਿਚ 2.8 ਡਿਗਰੀ ਸੈਲਸੀਅਸ ਰਿਹਾ।
ਕਈ ਥਾਵਾਂ 'ਤੇ 50 ਮੀਟਰ ਤਕ ਵੀ ਰਾਹ ਨਹੀਂ ਦਿਸਦਾ ਸੀ। ਚੰਡੀਗੜ੍ਹ ਵਿਚ ਸਵੇਰੇ ਹੀ ਧੁੰਦ ਦੀ ਸੰਘਣੀ ਚਾਦਰ ਛਾ ਗਈ ਅਤੇ ਸੀਤ ਲਹਿਰ ਕਾਰਨ ਘੱਟੋ ਘੱਟ ਤਾਪਮਾਨ ਡਿੱਗ ਕੇ 5.2 ਡਿਗਰੀ ਸੈਲਸੀਅਸ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਧੁੰਦ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਲੰਘਣ ਵਾਲੀਆਂ ਕਈ ਟਰੇਨਾਂ ਦੇਰੀ ਨਾਲ ਚੱਲੀਆਂ। ਹਵਾਈ ਆਵਾਜਾਈ ਵੀ ਪ੍ਰਭਾਵਤ ਹੋਈ। ਹਰਿਆਣਾ ਦੇ ਹਿਸਾਰ ਵਿਚ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਸਿਰਸਾ ਵਿਚ ਤਾਪਮਾਨ 4.4 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ਵਿਚ ਤਾਪਮਾਨ 4.4 ਡਿਗਰੀ ਸੈਲਸੀਅਸ, ਪਠਾਨਕੋਟ ਵਿਚ 5.5 ਡਿਗਰੀ ਸੈਲਸੀਅਸ ਅਤੇ ਗੁਰਦਾਸਪੁਰ ਵਿਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਵਿਚ 5.5 ਡਿਗਰੀ ਅਤੇ ਫ਼ਰੀਦਕੋਟ ਵਿਚ ਪੰਜ ਡਿਗਰੀ ਤਾਪਮਾਨ ਦਰਜ ਕੀਤਾ ਗਿਆ। (ਏਜੰਸੀ)