
ਚੰਡੀਗੜ੍ਹ, 27 ਫ਼ਰਵਰੀ (ਜੀ.ਸੀ. ਭਾਰਦਵਾਜ) : ਪੰਜਾਬ ਮੰਤਰੀ ਮੰਡਲ ਦੀ ਹਫ਼ਤਾਵਾਰੀ ਬੈਠਕ ਬੁਧਵਾਰ ਹੋਣ ਦੀ ਬਜਾਏ ਹੁਣ 7 ਮਾਰਚ ਦੀ ਤੈਅ ਹੋਈ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਮਾਰਚ ਦੇ ਦੂਜੇ ਹਫ਼ਤੇ ਹੋਣ ਵਾਲੀ ਇਸ ਕੈਬਨਿਟ ਮੀਟਿੰਗ ਵਿਚ ਵਿਧਾਨ ਸਭਾ ਦੇ ਬਜਟ ਸੈਸ਼ਨ ਅਤੇ ਹੋਰ ਮੁੱਦਿਆਂ 'ਤੇ ਵਿਚਾਰ ਕਰ ਕੇ ਫ਼ੈਸਲੇ ਕੀਤੇ ਜਾਣਗੇ।ਪੰਜਾਬ ਸਰਕਾਰ ਦਾ ਦੂਜਾ ਬਜਟ ਵੀ ਇਸ ਇਜਲਾਸ ਵਿਚ ਪੇਸ਼ ਕੀਤਾ ਜਾਵੇਗਾ ਜਿਸ ਵਿਚ ਸਾਲ 2018-19 ਦੇ ਪ੍ਰਸਤਾਵ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੰਕੜਿਆਂ ਸਮੇਤ ਸਦਨ ਵਿਚ ਪੇਸ਼ ਕਰਨਗੇ। ਅੰਦਰੂਨੀ ਸੂਤਰਾਂ ਨੇ ਦਸਿਆ ਕਿ ਇਸ ਸਰਕਾਰ ਦਾ ਦੂਜਾ ਬਜਟ ਇਜਲਾਸ 9 ਮਾਰਚ ਸ਼ੁਕਰਵਾਰ ਜਾਂ 12 ਤਰੀਕ ਸੋਮਵਾਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅੱਜਕਲ ਕਾਂਗਰਸ ਸਰਕਾਰ ਦੇ ਉਚ ਅਧਿਕਾਰੀ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ, ਸੈਸ਼ਨ ਦੇ ਪਹਿਲੇ ਦਿਨ ਦਿਤੇ ਜਾਣ ਵਾਲੇ ਭਾਸ਼ਣ ਨੂੰ ਤਿਆਰ ਕਰਨ ਵਿਚ ਜੁਟੇ ਹੋਏ ਹਨ।
ਨਿਯਮਾਂ ਮੁਤਾਬਕ ਪਹਿਲੇ ਦਿਨ ਰਾਜਪਾਲ ਦੇ ਵਿਧਾਨ ਸਭਾ ਹਾਲ ਵਿਚ ਦਿਤੇ ਇਸ ਸੰਬੋਧਨ ਨੂੰ ਵਿਧਾਨ ਸਭਾ ਦੀ ਬੈਠਕਾਂ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਯਾਨੀ ਇਸ ਦਿਨ ਨੂੰ ਬੈਠਕਾਂ ਦੀ ਗਿਣਤੀ ਵਿਚ ਨਹੀਂ ਜੋੜਿਆ ਜਾਂਦਾ। ਦੂਜੇ ਦਿਨ ਦੀ ਬੈਠਕ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆ ਦੇਣ ਮਗਰੋਂ ਉਠਾ ਦਿਤੀ ਜਾਂਦੀ ਹੈ। ਕੁਲ 10 ਜਾਂ 11 ਬੈਠਕਾਂ ਜ਼ਰੂਰੀ ਹਨ ਜਿਨ੍ਹਾਂ ਵਿਚ ਦੋ ਦਿਨ, ਰਾਜਪਾਲ ਦੇ ਭਾਸ਼ਨ 'ਤੇ ਬਹਿਸ ਤੇ ਧਨਵਾਦ ਦਾ ਮਤਾ ਪਾਸ ਕਰਨ, ਇਕ ਦਿਨ ਬਜਟ ਪ੍ਰਸਤਾਵ ਪੇਸ਼ ਕਰਨ, ਦੋ ਦਿਨ ਉਸ 'ਤੇ ਬਹਿਸ ਕਰਨ ਅਤੇ ਬਜਟ ਪ੍ਰਸਤਾਵ ਸਮੇਤ ਨਮਿੱਤਣ ਬਿਲ ਪਾਸ ਕਰਨ ਅਤੇ ਦੋ ਗ਼ੈਰ ਸਰਕਾਰੀ ਦਿਨ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਇਕ ਦਿਨ ਦੀ ਬੈਠਕ ਵਿਚ ਲੈਜਿਸਲੇਟਿਵ ਬਿਜਨੈਸ ਨਿਪਟਾਇਆ ਜਾਂਦਾ ਹੈ ਜਦੋਂ ਕਿ ਕਿਸੇ ਵਿਸ਼ੇਸ਼ ਮੁੱਦੇ ਜਾਂ ਗੰਭੀਰ ਮਸਲੇ ਵਿਚਾਰਨ ਵਾਸਤੇ ਵਿਰੋਧੀ ਧਿਰ ਵਲੋਂ ਪਾਏ ਜਾਣ ਵਾਲੇ ਦਬਾਅ ਹੇਠ ਵੀ ਬੈਠਕ 1 ਦਿਨ ਵਧਾਈ ਜਾ ਸਕਦੀ ਹੈ।