
ਪਟਿਆਲਾ/ਸਨੌਰ, 22 ਜਨਵਰੀ (ਬਲਵਿੰਦਰ ਸਿੰਘ ਭੁੱਲਰ, ਜਸਬੀਰ ਮੁਲਤਾਨੀ): ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਪੰਜਾਬ ਨੂੰ ਵੇਚ ਕੇ ਖਾਧਾ ਹੁਣ ਉਹ ਪੰਜਾਬ ਦੀ ਮਾੜੀ ਕੀਤੀ ਆਰਥਿਕ ਹਾਲਤ 'ਤੇ ਸਿਆਸੀ ਰੋਟੀਆਂ ਸੇਕ ਕਿ ਪੰਜਾਬ ਦੇ ਲੋਕਾ ਨੂੰ ਗੁਮਰਾਹ ਕਰਨ ਤੋਂ ਬਾਜ ਆਉਣ। ਪ੍ਰਨੀਤ ਕੌਰ ਅੱਜ ਸਨੌਰ ਵਿਖੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਸ਼ਹਿਰ ਦੀਆਂ ਸਾਰੀਆਂ ਵਾਰਡਾਂ 'ਚ ਕਰੀਬ 52 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਮਗਰੋਂ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਪ੍ਰਤੀ ਮਕਾਨ 1 ਲੱਖ 20 ਹਜ਼ਾਰ ਦੀ ਲਾਗਤ ਨਾਲ ਕੱਚੇ ਮਕਾਨ ਪੱਕੇ ਕਰਨ ਲਈ 23 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਵੀ ਤਕਸੀਮ ਕੀਤੇ।
ਇਸ ਮੌਕੇ ਸੀਨੀਅਰ ਕਾਂਗਰਸ ਆਗੂ ਹਰਿੰਦਰ ਪਾਲ ਸਿੰਘ ਹੈਰੀਮਾਨ ਨੇ ਪ੍ਰਨੀਤ ਕੌਰ ਦਾ ਸਵਾਗਤ ਕਰਦਿਆਂ ਦਸਿਆ ਕਿ ਪਿਛਲੇ 10 ਸਾਲਾਂ ਤੋਂ ਅਣਗੌਲੇ ਸਨੌਰ ਹਲਕੇ ਦੀ ਦੇਖ-ਰੇਖ ਪਰਨੀਤ ਕੌਰ ਵਲੋਂ ਖ਼ੁਦ ਕੀਤੇ ਜਾਣ ਮਗਰੋਂ ਹਲਕੇ ਦੀ ਵਿਕਾਸ ਕਾਰਜਾਂ ਪੱਖੋਂ ਕਾਂਇਆ ਕਲਪ ਹੋਣ ਲੱਗੀ ਹੈ ਅਤੇ ਕਾਂਗਰਸ ਪਾਰਟੀ ਵੀ ਪਹਿਲਾਂ ਤੋਂ ਵੀ ਹੋਰ ਜ਼ਿਆਦਾ ਮਜ਼ਬੂਤ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਗੜੇਮਾਰੀ ਕਾਰਨ ਕਿਸਾਨਾਂ ਦੀ ਖਰਾਬ ਹੋਈ ਫ਼ਸਲ ਦੇ ਮੁਆਵਜੇ ਦੀ ਰਾਸ਼ੀ ਡਿਪਟੀ ਕਮਿਸ਼ਨਰ 15 ਦਿਨਾਂ ਦੇ ਅੰਦਰ-ਅੰਦਰ ਤਕਸੀਮ ਕਰਵਾ ਦੇਣਗੇ।