
ਪਟਿਆਲਾ, 22 ਅਕਤੂਬਰ (ਸਸਸ) : ਪਰਾਲੀ ਸਾੜਨ ਕਾਰਨ ਪੰਜਾਬ ਅੰਦਰਲਾ ਹਵਾ ਪ੍ਰਦੂਸ਼ਣ ਆਮ ਨਾਲੋਂ ਕਈ ਗੁਣਾਂ ਵਧਣ ਕਾਰਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਇਸ ਦਾ ਸਿੱਧਾ ਪ੍ਰਭਾਵ ਵੀ ਸਮੁੱਚੀ ਪੇਂਡੂ ਵਸੋਂ ਅਤੇ ਕਿਸਾਨਾਂ ਤੇ ਪੈ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲਗਾਤਾਰ ਮਾਪੇ ਜਾ ਰਹੇ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਦੇ ਪਿਛਲੇ ਦਸ ਦਿਨਾਂ ਦੇ ਅੰਕੜੇ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜੀ ਦਰਸਾ ਰਹੇ ਹਨ ਜੋ ਲਗਾਤਾਰ 300 ਤੋਂ ਉÎੱਪਰ ਚੱਲ ਰਿਹਾ ਹੈ ਜਿਸ ਦਾ ਵੱਡਾ ਕਾਰਨ ਕਿਸਾਨਾਂ ਵਲੋਂ ਪਰਾਲੀ ਨੂੰ ਲਗਾਈ ਜਾਂਦੀ ਅੱਗ ਹੈ ਜਿਸ ਕਾਰਨ ਹਵਾ ਵਿਚਲੇ ਮੁਹੀਨ ਕਣਾਂ ਦੀ ਮਾਤਰਾ 100 ਦੀ ਹੱਦ ਦੇ ਮੁਕਾਬਲੇ ਔਸਤਨ 329 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਤੱਕ ਅਤੇ ਅਤਿ ਮੁਹੀਨ ਕਣਾਂ ਦੀ ਮਾਤਰਾ 60 ਦੇ ਮੁਕਾਬਲੇ ਔਸਤਨ 166 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਸਥਿਤੀ ਵਿਚ ਹੋਰ ਨਿਘਾਰ ਆਵੇਗਾ। ਪਿਛਲੇ ਦਿਨਾਂ ਤੋਂ ਸਾਰੇ ਪੰਜਾਬ ਉÎੱਪਰ ਸੰਘਣੇ ਧੂੰਏਂ ਦੇ ਬੱਦਲ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ ਅਤੇ ਮੌਸਮ 'ਚ ਲਗਾਤਾਰ ਪੈਦਾ ਹੋ ਰਹੀ ਠੰਡਕ ਕਾਰਨ ਇਹ ਧੂੰਆਂ ਧੂੰਦ ਦਾ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ ਜਿਸ ਨਾਲ ਸਥਿਤੀ ਹੋਰ ਬਦਤਰ ਹੋਵੇਗੀ। ਇਕ ਟਨ ਪਰਾਲੀ ਸਾੜਨ ਨਾਲ 3 ਕਿਲੋ ਧੂੜ ਦੇ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨਡਾਈਆਕਸਾਈਡ ਅਤੇ 2 ਕਿਲੋਂ ਸਲਫ਼ਰ ਡਾਈਆਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਵਾਢੀ ਅਤੇ ਬਿਜਾਈ ਦੇ ਵਕਫ਼ੇ ਦਰਮਿਆਨ 130 ਲੱਖ ਟਨ ਪਰਾਲੀ ਨੂੰ ਸਾੜੇ ਜਾਣ ਤੋਂ ਪੈਦਾ ਹੋਈਆਂ ਗੈਸਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਜਿਸ ਕਾਰਨ ਪੰਜਾਬ ਇਕ ਗੈਸ ਚੈਂਬਰ ਦਾ ਰੂਪ ਅਖ਼ਤਿਆਰ ਕਰ ਸਕਦਾ ਹੈ।
ਵਰਨਣਯੋਗ ਹੈ ਕਿ ਵਾਤਾਵਰਣ ਮੰਤਰਾਲੇ ਵੱਲੋਂ ਮਿੱਥੇ ਗਏ ਮਿਆਰਾਂ ਅਨੁਸਰ ਇਹ ਹਵਾ ਗੁਣਵੱਤਾ ਸੂਚਕ ਅੰਕ 201 ਤੋਂ 300 ਤੱਕ ਮਾੜੀ ਕੁਆਲਿਟੀ , 301-400 ਤੱਕ ਬਹੁਤ ਮਾੜੀ ਅਤੇ 401-500 ਤੱਕ ਖਤਰਨਾਕ ਸਥਿਤੀ ਬਿਆਨਦਾ ਹੈ ਅਤੇ ਇਸ ਸੂਚਕ ਅੰਕ ਅਨੁਸਾਰ ਪੰਜਾਬ ਦੀ ਹਵਾ ਦੀ ਗੁਣਵੱਤਾ ਲਗਾਤਾਰ ਬਹੁਤ ਮਾੜੀ ਚਲਦੀ ਆ ਰਹੀ ਹੈ। ਬੇਸ਼ੱਕ ਦਿਵਾਲੀ ਦੇ ਦਿਨ ਪਟਾਕੇ ਬਹਤ ਘੱਟ ਮਾਤਰਾ ਵਿਚ ਚੱਲੇ ਪਰ ਉਸ ਦਾ ਅਸਰ ਵੀ ਵਾਤਾਵਰਣ ਤੇ ਪਿਆ ਦਿਖਾਈ ਦੇ ਰਿਹਾ ਹੈ। ਇਸ ਧੂੰਏਂ ਅਤੇ ਜ਼ਹਿਰੀਲੀਆਂ ਗੈਸਾਂ ਦਾ ਸਿੱਧਾ ਅਸਰ ਪੇਂਡੂ ਅਤੇ ਸ਼ਹਿਰੀ ਆਵਾਮ 'ਤੇ ਪੈ ਰਿਹਾ ਹੈ ਜਿਸ ਕਾਰਨ ਚਮੜੀ ਦੀ ਜਲਣ, ਖਾਂਸੀ, ਅੱਖਾਂ 'ਚ ਖੁਜਲੀ, ਸਾਂਹ ਦੀ ਘੁੱਟਣ, ਛਾਤੀ ਦੀ ਘੁੱਟਣ ਅਤੇ ਰਾਤ ਨੂੰ ਇੱਕ ਦਮ ਨੀਂਦ ਖੁੱਲਣੀ ਦੇ ਕੇਸ ਡਾਕਟਰ ਕੋਲ ਲਗਾਤਾਰ ਵਧ ਰਹੇ ਹਨ ਅਤੇ ਪੇਂਡੂ ਵੱਸੋਂ ਇਸ ਦੀ ਸਿੱਧੀ ਮਾਰ ਹੇਠ ਹੋਣ ਕਾਰਨ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ਪ੍ਰਦੂਸ਼ਣ ਦਾ ਮਾੜਾ ਪ੍ਰਭਾਵ ਬੱਚਿਆਂ, ਬਜ਼ੁਰਗਾਂ, ਬਿਮਾਰਾਂ ਅਤੇ ਗਰਭਵਤੀ ਔਰਤਾਂ ਤੇ ਬਹੁਤ ਜ਼ਿਆਦਾ ਪੈਂਦਾ ਹੈ। ਇਨ੍ਹਾਂ ਅੰਕੜਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਦਸਿਆ ਕਿ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਵੀਰ ਅਪਣੀ ਅਤੇ ਅਪਣੇ ਪਰਵਾਰ ਦੀ ਸਿਹਤ ਨਾਲ ਸਮਝੌਤਾ ਕਰ ਕੇ ਧਰਤੀ ਨੂੰ ਵੀ ਬੰਜਰ ਬਣਾ ਰਹੇ ਹਨ ਜਿਸ ਦਾ ਸਿੱਧਾ ਅਸਰ ਉਹਨਾਂ ਦੀ ਸਿਹਤ ਅਤੇ ਆਰਥਿਕਤਾ ਉÎੱਪਰ ਪੈ ਰਿਹਾ ਹੈ। ਉਹਨਾਂ ਪੰਜਾਬ ਦੀ ਕਿਸਾਨੀ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਨਾ ਸਾੜਨ ਦੀਆਂ ਤਕਨੀਕਾਂ ਤੇ ਹੋਣ ਵਾਲੇ ਤੁੱਛ ਜਿਹੇ ਖ਼ਰਚੇ ਨੂੰ ਬਚਾਉਣ ਲਈ ਉਹ ਅਪਣੀ, ਅਪਣੇ ਪਰਵਾਰ ਦੀ ਅਤੇ ਸਮੂਹ ਪੰਜਾਬੀਆਂ ਦੀ ਸਿਹਤ ਨਾਲ ਨਾ ਖੇਡਣ ਬਲਕਿ ਪਰਾਲੀ ਦੇ ਨਿਪਟਾਰੇ 'ਤੇ ਹੋਏ ਇਸ ਖ਼ਰਚੇ ਨੂੰ ਅਪਣੀ ਬੱਚਤ ਮੰਨਣ ਕਿਉਂਕਿ ਇਸ ਨਾਲ ਅਗਲੀ ਫ਼ਸਲ ਲਈ ਖਾਦਾਂ ਦਾ ਖ਼ਰਚਾ ਘਟਣਾ ਅਤੇ ਝਾੜ ਵਧਣਾ ਵਿਗਿਆਨਕ ਤੌਰ 'ਤੇ ਸਿੱਧ ਹੋ ਚੁੱਕਾ ਹੈ।