
ਪਟਿਆਲਾ, 1
ਦਸੰਬਰ (ਬਲਵਿੰਦਰ ਸਿੰਘ ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵਾਇਤੀ
ਖੇਤੀ ਤੋਂ ਘੱਟ ਮੁਨਾਫ਼ਾ ਹੋਣ ਕਾਰਨ ਪਸ਼ੂਧਨ ਖੇਤਰ ਦਾ ਵੱਡੇ ਪੱਧਰ 'ਤੇ ਵਿਕਾਸ ਕਰਨ 'ਤੇ
ਜ਼ੋਰ ਦਿਤਾ ਹੈ। ਮੁੱਖ ਮੰਤਰੀ ਅੱਜ ਇਥੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ
ਮੱਛੀ ਪਾਲਣ ਵਿਭਾਗ ਵਲੋਂ ਫ਼ੈਡਰੇਸ਼ਨ ਆਫ਼ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ
(ਫਿੱਕੀ) ਦੇ ਸਹਿਯੋਗ ਨਾਲ ਕਰਵਾਈ ਗਈ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ
ਐਕਸਪੋ-2017 ਦੇ ਉਦਘਾਟਨ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਕੈਪਟਨ
ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਸੂਬੇ ਵਿਚ ਖੇਤੀਬਾੜੀ ਦੀ ਵਿਕਾਸ ਦਰ ਪੂਰੀ ਚਰਮ
ਸੀਮਾ 'ਤੇ ਪੁੱਜ ਗਈ ਹੈ ਜਿਸ ਨੂੰ ਹੋਰ ਵਧਾਉਣ ਲਈ ਕਿਸਾਨਾਂ ਨੂੰ ਡੇਅਰੀ, ਸੂਰ, ਬਕਰੀ,
ਮਧੂ ਮੱਖੀ, ਪੋਲਟਰੀ, ਮੱਛੀ ਪਾਲਣ ਆਦਿ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਤ ਕੀਤਾ ਜਾਣਾ
ਬੇਹੱਦ ਜ਼ਰੂਰੀ ਹੈ। ਮੁੱਖ ਮੰਤਰੀ ਨੇ ਮਿਹਨਤੀ ਪੰਜਾਬੀ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ
ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਇਸ ਖ਼ਰੀਫ਼ ਸੀਜ਼ਨ ਦੌਰਾਨ ਝੋਨੇ ਦੀ 190 ਲੱਖ ਮੀਟਿਰਕ ਟਨ
ਰੀਕਾਰਡ ਪੈਦਾਵਾਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਸ਼ ੂਪਾਲਕਾਂ ਵਲੋਂ 120 ਲੱਖ
ਟਨ ਦੁਧ ਦੀ ਪੈਦਾਵਾਰ ਕਰਨ ਲਈ ਵੀ ਉਨ੍ਹਾਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਉਨ੍ਹਾਂ
ਦੀ ਸਰਕਾਰ ਵਲੋਂ ਕਿਸਾਨਾਂ ਨੂੰ ਰਵਾਇਤੀ ਕਣਕ ਅਤੇ ਝੋਨੇ ਦੇ ਚੱਕਰ ਵਿਚੋਂ ਕੱਢਣ ਅਤੇ
ਇਨ੍ਹਾਂ ਦੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਲਈ ਕਈ ਤਰ੍ਹਾਂ ਦੇ ਨਵੇਂ ਢੰਗ
ਤਰੀਕਿਆਂ ਨਾਲ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਮ ਮਾਰੇ ਖੇਤਰ ਮਾਲਵਾ
ਦੇ 2500 ਏਕੜ ਰਕਬੇ ਵਿਚ ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਤ ਕਰਨਾਂ ਵੀ ਇਸ ਦੀ
ਇਕ ਮਿਸਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਪਿਛਲੇ ਕਾਰਜਕਾਲ ਦੌਰਾਨ
2006 'ਚ ਪਸ਼ੂਧਨ ਖੇਤਰ ਨੂੰ ਹੁਲਾਰਾ ਦੇਣ ਲਈ ਇਤਿਹਾਸਕ ਕਸਬੇ ਚਮਕੌਰ ਸਾਹਿਬ ਤੋਂ ਪਸ਼ੂਧਨ
ਮੇਲਿਆਂ ਦਾ ਆਗ਼ਾਜ਼ ਕੀਤਾ ਸੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਸ ਚੈਂਪੀਅਨਸ਼ਿਪ
ਦਾ ਉਦਘਾਟਨ ਕਰਨ ਲਈ ਝੰਡਾ ਵੀ ਲਹਿਰਾਇਆ। ਤਕਨੀਕੀ ਸੈਸ਼ਨ ਵਿਚ ਇੰਗਲੈਂਡ, ਅਮਰੀਕਾ,
ਪੋਲੈਂਡ ਅਤੇ ਬੁਲਗਾਰੀਆ ਤੋਂ ਆਏ ਵਿਦੇਸ਼ੀ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਮੁੱਖ ਮੰਤਰੀ ਨੇ ਇੰਗਲੈਂਡ ਦੇ ਡਿਪਟੀ ਹਾਈ ਕਮਿਸ਼ਨਰ ਐਂਡਰੀਓ ਆਇਰੀ, ਕੈਬਨਿਟ ਮੰਤਰੀ ਸਾਧੂ
ਸਿੰਘ ਧਰਮਸੋਤ, ਵਿਧਾਇਕ ਸਮਾਣਾ ਰਜਿੰਦਰ ਸਿੰਘ, ਵਿਧਾਇਕ ਸ਼ੁਤਰਾਣਾ ਨਿਰਮਲ ਸਿੰਘ ਤੇ
ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ ਨੂੰ ਵੀ ਸਨਮਾਨਤ ਕੀਤਾ।