ਪਾਤੜਾਂ (ਹਰਮਿੰਦਰ ਸਿੰਘ ਕਰਤਾਰਪੁਰ) : ਪੰਜਾਬ ਪੱਲੇਦਾਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਮਿੰਨੀ ਸੈਕਟਰੀਏਟ ਪਟਿਆਲਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਤੇਲੂ ਰਾਮ ਧੂਰੀ ਦੀ ਅਗਵਾਈ ਵਿਚ ਕੀਤੀ ਗਈ। ਪੱਲੇਦਾਰ ਵਰਕਰਾਂ ਨੇ ਪਹਿਲਾਂ ਪਟਿਆਲਾ ‘ਚ ਰੋਸ ਮਾਰਚ ਕਰਦਿਆਂ ਕੈਪਟਨ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਤੇ ਬਾਅਦ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਇਕੱਤਰ ਹੋ ਕੇ ਸਰਕਾਰ ‘ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ।
ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਤੇਲੂ ਰਾਮ ਨੇ ਕਿਹਾ ਕੇ ਪਹਿਲਾਂ ਅਕਾਲੀ ਸਰਕਾਰ ਨੇ ਸਾਨੂੰ ਦਸ ਸਾਲ ਲਾਰਿਆਂ ਵਿਚ ਉਲਝਾਈ ਰੱਖਿਆ ਅਤੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ‘ਕੌਫੀ ਵਿਦ ਕੈਪਟਨ’ ਪੱਲੇਦਾਰਾਂ ਨਾਲ ਹੋਏ ਪ੍ਰੋਗਰਾਮ ਦੌਰਾਨ ਸੰਗਰੂਰ ਦੀ ਅਨਾਜ ਮੰਡੀ ਵਿਖੇ ਹਜ਼ਾਰਾਂ ਦੀ ਗਿਣਤੀ ‘ਚ ਇਕੱਤਰ ਹੋਏ ਸਨ। ਇਸ ਸਮਾਗਮ ਦੌਰਾਨ ਪੱਲੇਦਾਰ ਵਰਕਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਦਿਆਂ ਸਾਰ ਹੀ ਸਮੂਹ ਫੂਡ ਏਜੰਸੀਆਂ ’ਚੋਂ ਠੇਕਦਾਰੀ ਸਿਸਟਮ ਖ਼ਤਮ ਕਰਕੇ ਇਹਨਾਂ ਫੂਡ ਏਜੰਸੀਆਂ ਵਿਚ ਕੰਮ ਕਰਦੇ ਪੱਲੇਦਾਰਾਂ ਨੂੰ ਇਹਨਾਂ ਦੀ ਬਣਦੀ ਮਿਹਨਤ ਸਿੱਧੇ ਤੌਰ ’ਤੇ ਦਿੱਤੀ ਜਾਵੇਗੀ ਅਤੇ ਨਾਲ 1970 ਲੇਬਰ ਐਕਟ ਦੀਆਂ ਸਹੂਲਤਾਂ ਵੀ ਪੱਲੇਦਾਰ ਯੂਨੀਅਨ ਦੇ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ।
ਯੂਨੀਅਨ ਆਗੂ ਮੋਹਨ ਸਿੰਘ ਮਜੌਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੱਲੇਦਾਰ ਮਜ਼ਦੂਰਾਂ ਦੇ ਮਸਲੇ ਤਾਂ ਕੀ ਹੱਲ ਕਰਨੇ ਸੀ ਸਗੋ. ਬੀਤੇ ਇਕ ਸਾਲ ਤੋਂ ਪੱਲੇਦਾਰ ਯੂਨੀਅਨ ਦੇ ਆਗੂਆਂ ਨੂੰ ਮਿਲਣ ਦਾ ਟਾਇਮ ਤਕ ਨਹੀਂ ਦਿਤਾ। ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿਤਾ ਤਾਂ ਲੋਕ ਸਭਾ ਦੀਆਂ ਚੋਣਾਂ ‘ਚ ਕੈਪਟਨ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।